ਕੋਰੋਨਾ ਕਾਲ 'ਚ ਹਵਾਈ ਸਫਰ ਕਰਨ ਵਾਲੇ ਘਰੇਲੂ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ
Saturday, Sep 05, 2020 - 02:03 PM (IST)
ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਦੌਰਾਨ ਹਵਾਈ ਸਫਰ ਕਰਨ ਵਾਲੇ ਘਰੇਲੂ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ ਹੈ। ਸਸਤੀ ਹਵਾਈ ਸੇਵਾ ਲਈ ਜਾਣੀ ਜਾਂਦੀ ਏਅਰਲਾਈਨ ਗੋਏਅਰ ਸ਼ਨੀਵਾਰ ਤੋਂ ਆਪਣੇ ਘਰੇਲੂ ਨੈੱਟਵਰਕ 'ਚ 100 ਤੋਂ ਵੱਧ ਉਡਾਣਾਂ ਜੋੜਨ ਜਾ ਰਹੀ ਹੈ।
ਨਵੇਂ ਮਾਰਗਾਂ 'ਚ ਚੰਡੀਗੜ੍ਹ, ਮੁੰਬਈ, ਦਿੱਲੀ, ਬੇਂਗਲੁਰੂ, ਚੇਨਈ, ਅਹਿਮਦਾਬਾਦ, ਹੈਦਰਾਬਾਦ, ਕੋਲਕਾਤਾ, ਲਖਨਊ, ਪੁਣੇ, ਨਾਗਪੁਰ, ਵਾਰਾਣਸੀ, ਜੈਪੁਰ, ਪਟਨਾ, ਰਾਂਚੀ, ਗੁਹਾਟੀ, ਸ਼੍ਰੀਨਗਰ, ਲੇਹ ਅਤੇ ਜੰਮੂ ਜਾਣ ਤੇ ਆਉਣ ਵਾਲੀਆਂ ਉਡਾਣਾਂ ਸ਼ਾਮਲ ਹਨ।
ਗੋਏਅਰ ਦੇ ਸੀ. ਈ. ਓ. ਕੌਸ਼ਿਕ ਖੋਨਾ ਨੇ ਇਕ ਬਿਆਨ 'ਚ ਕਿਹਾ ਕਿ ਮਹੱਤਵਪੂਰਣ ਗੱਲ ਇਹ ਹੈ ਕਿ ਗੋਏਅਰ 5 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਕਿਸੇ ਵੀ ਉਡਾਣਾਂ ਨੂੰ ਰੱਦ ਨਹੀਂ ਕਰੇਗੀ, ਤਾਂ ਜੋ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ 'ਚ ਅਜਿਹਾ ਹੁੰਦਾ ਹੈ ਤਾਂ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਗਾਹਕ ਨੂੰ ਪੈਸੇ ਵਾਪਸ ਕਰ ਦਿੱਤੇ ਜਾਣ।
ਬਿਆਨ ਅਨੁਸਾਰ, ਗੋਏਅਰ ਮੁੰਬਈ ਤੋਂ ਦਿੱਲੀ ਲਈ ਰੋਜ਼ਾਨਾ ਦੋ ਉਡਾਣਾਂ ਅਤੇ ਮੁੰਬਈ ਤੋਂ ਅਹਿਮਦਾਬਾਦ, ਚੇਨਈ, ਨਾਗਪੁਰ, ਪਟਨਾ, ਰਾਂਚੀ, ਵਾਰਾਣਸੀ ਅਤੇ ਜੈਪੁਰ ਲਈ ਰੋਜ਼ਾਨਾ ਇਕ ਉਡਾਣ ਚਲਾਏਗੀ। ਇਸੇ ਤਰ੍ਹਾਂ ਏਅਰਲਾਈਨ ਮੁੰਬਈ ਤੋਂ ਲਖਨਊ ਲਈ ਹਫ਼ਤੇ 'ਚ ਚਾਰ ਉਡਾਣਾਂ ਚਲਾਏਗੀ। ਗੋਏਅਰ ਸ਼੍ਰੀਨਗਰ-ਚੰਡੀਗੜ੍ਹ ਵਿਚਕਾਰ ਦੋ ਉਡਾਣਾਂ, ਸ਼੍ਰੀਨਗਰ-ਜੰਮੂ, ਲੇਹ-ਦਿੱਲੀ, ਜੰਮੂ-ਦਿੱਲੀ ਅਤੇ ਜੰਮੂ-ਸ਼੍ਰੀਨਗਰ ਵਿਚਕਾਰ ਇਕ-ਇਕ ਉਡਾਣ ਚਲਾਉਣ ਜਾ ਰਹੀ ਹੈ।
ਦਿੱਲੀ-ਗੁਹਾਟੀ, ਦਿੱਲੀ-ਹੈਦਰਾਬਾਦ, ਦਿੱਲੀ-ਲੇਹ ਅਤੇ ਜੰਮੂ, ਦਿੱਲੀ-ਲਖਨਊ, ਦਿੱਲੀ-ਪੁਣੇ, ਅਤੇ ਦਿੱਲੀ-ਵਾਰਾਣਸੀ ਵਿਚਕਾਰ ਰੋਜ਼ਾਨਾ ਇਕ ਉਡਾਣ ਹੋਵੇਗੀ।