ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਦਾ ਮਾਰਕੀਟ ਕੈਪ 20 ਫੀਸਦੀ ਡਿਗਿਆ, ਸਊਦੀ ਅਰਬ ਦੇ ਮਾਰਕੀਟ ਕੈਪ ’ਚ ਵਾਧਾ
Sunday, Jun 19, 2022 - 06:19 PM (IST)
ਨਵੀਂ ਦਿੱਲੀ (ਵਿਸ਼ੇਸ਼) – ਮਾਰਕੀਟ ਕੈਪਿਟਲਾਈਜੇਸ਼ਨ ਦੇ ਲਿਹਾਜ ਨਾਲ ਭਾਰਤ ਹੁਣ 3 ਟ੍ਰਿਲੀਅਨ ਡਾਲਰ ਦਾ ਸ਼ੇਅਰ ਬਾਜ਼ਾਰ ਨਹੀਂ ਰਿਹਾ ਹੈ। ਜਨਵਰੀ ਮਹੀਨੇ ’ਚ ਭਾਰਤ ਦੇ ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪਿਟਲਾਈਜੇਸ਼ਨ 3.67 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ ਪਰ ਹਾਲ ਹੀ ’ਚ ਆਈ ਗਿਰਾਵਟ ਤੋਂ ਬਾਅਦ ਇਸ ਦੀ ਵੈਲਿਊਏਸ਼ਨ ਘੱਟ ਹੋ ਕੇ 2.99 ਟ੍ਰਿਲੀਅਨ ਡਾਲਰ ਰਹਿ ਗਈ ਹੈ ਅਤੇ ਇਹ 13 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਹਾਲ ਹੀ ਦੇ ਦਿਨਾਂ ’ਚ ਭਾਰਤੀ ਸ਼ੇਅਰ ਬਾਜ਼ਾਰ ਨੇ 676 ਬਿਲੀਅਨ ਡਾਲਰ ਦੀ ਗਿਰਾਵਟ ਦੇਖੀ ਹੈ। ਅਜਿਹਾ ਕੌਮਾਂਤਰੀ ਪੱਧਰ ’ਤੇ ਬਾਂਡ ਮਾਰਕੀਟ ’ਚ ਆਈ ਤੇਜ਼ੀ ਅਤੇ ਵਿਦੇਸ਼ੀ ਨਿਵੇਸ਼ਕਾਂ ਵਲੋਂ ਭਾਰਤੀ ਬਾਜ਼ਾਰ ’ਚੋਂ ਕੱਢੇ ਜਾ ਰਹੇ ਪੈਸਿਆਂ ਕਾਰਨ ਹੋਇਆ ਹੈ।
ਹਾਲਾਂਕਿ 3 ਟ੍ਰਿਲੀਅਨ ਡਾਲਰ ਮਾਰਕੀਟ ਕੈਪ ਦਾ ਦਰਜਾ ਗੁਆਉਣ ਵਾਲਾ ਭਾਰਤ ਇਕੱਲਾ ਦੇਸ਼ ਨਹੀਂ ਹੈ ਅਤੇ ਯੂ. ਕੇ. ਕੈਨੇਡਾ ਅਤੇ ਫ੍ਰਾਂਸ ਦੇ ਸ਼ੇਅਰ ਬਾਜ਼ਾਰ ਵੀ 3 ਟ੍ਰਿਲੀਅਨ ਡਾਲਰ ਤੋਂ ਹੇਠਾਂ ਡਿਗ ਗਏ ਹਨ ਜਦ ਕਿ ਜਰਮਨ ਦੇ ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ 2 ਟ੍ਰਿਲੀਅਨ ਡਾਲਰ ਤੋਂ ਵੀ ਹੇਠਾਂ ਡਿਗਣ ਦਾ ਖਦਸ਼ਾ ਹੈ।
ਇਸ ਸਾਲ ਦੀ ਸ਼ੁਰੂਆਤ ’ਚ ਭਾਰਤ ਮਾਰਕੀਟ ਕੈਪ ਦੇ ਲਿਹਾਜ ਨਾਲ ਵੱਡੇ 5 ਦੇਸ਼ਾਂ ’ਚ ਸ਼ਾਮਲ ਹੋ ਗਿਆ ਸੀ ਜਦ ਕਿ ਹਾਲ ਹੀ ਦੀ ਗਿਰਾਵਟ ਤੋਂ ਬਾਅਦ ਭਾਰਤ ਦਾ ਨੰਬਰ ਛੇਵਾਂ ਹੋ ਗਿਆ ਹੈ ਅਤੇ ਉਹ ਹੁਣ ਸਾਊਦੀ ਅਰਬ ਤੋਂ ਪਿੱਛੇ ਹੈ। ਸਾਊਦੀ ਅਰਬ ਨੂੰ ਇਸ ਸਾਲ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਤੇਜ਼ੀ ਦਾ ਫਾਇਦਾ ਮਿਲਿਆ ਹੈ ਅਤੇ ਉਸ ਦੇ ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ ਵਧ ਗਿਆ ਹੈ।
ਭਾਰਤੀ ਬਾਜ਼ਾਰ ਨੇ ਸਭ ਤੋਂ ਪਹਿਲਾਂ 31 ਮਈ 2021 ਨੂੰ 3 ਟ੍ਰਿਲੀਅਨ ਡਾਲਰ ਦੇ ਮਾਰਕੀਟ ਕੈਪ ਦਾ ਟੀਚਾ ਹਾਸਲ ਕੀਤਾ ਸੀ ਅਤੇ ਇਕ ਸਾਲ ਦੇ ਲੰਮੇ ਸਮੇਂ ਤੱਕ ਇਸ ਮੁਕਾਮ ’ਤੇ ਕਾਇਮ ਰਿਹਾ। ਹਾਲ ਹੀ ’ਚ ਅਮਰੀਕਾ ਦੇ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਅਤੇ ਬੈਂਕ ਆਫ ਇੰਗਲੈਂਡ ਸਮੇਤ ਯੂਰਪ ਦੇ ਕਈ ਕੇਂਦਰੀ ਬੈਂਕਾਂ ਵਲੋਂ ਵਿਆਜ ਦਰਾਂ ਵਧਾਏ ਜਾਣ ਤੋਂ ਬਾਅਦ ਨਿਵੇਸ਼ਕਾਂ ’ਚ ਘਬਰਾਹਟ ਪਾਈ ਜਾ ਰਹੀ ਹੈ ਅਤੇ ਬਾਜ਼ਾਰ ਮੰਦੀ ਦੇ ਸੰਕੇਤ ਦੇ ਰਿਹਾ ਹੈ। ਲਿਹਾਜਾ ਨਿਵੇਸ਼ਕ ਬਾਜ਼ਾਰ ’ਚੋਂ ਆਪਣਾ ਪੈਸਾ ਕੱਢ ਰਹੇ ਹਨ।
ਨਿਵੇਸ਼ਕਾਂ ਦੇ ਇਸ ਰੁਝਾਨ ਕਾਰਨ ਗਲੋਬਲ ਮਾਰਕੀਟ ਦਾ ਬਾਜ਼ਾਰ ਪੂੰਜੀਕਰਨ 122.5 ਟ੍ਰਿਲੀਅਨ ਡਾਲਰ ਤੋਂ ਕਰੀਬ 20 ਫੀਸਦੀ ਡਿਗ ਕੇ 98.5 ਟ੍ਰਿਲੀਅਨ ਡਾਲਰ ਹੀ ਰਹਿ ਗਿਆ ਹੈ। ਦੁਨੀਆ ਦੇ 15 ਵੱਡੇ ਸ਼ੇਅਰ ਬਾਜ਼ਾਂਰ ’ਚੋਂ ਸਵੀਡਨ ਦੇ ਬਾਜ਼ਾਰ ਦਾ ਮਾਰਕੀਟ ਕੈਪ ਸਭ ਤੋਂ ਜ਼ਿਆਦਾ ਡਿਗਿਆ ਹੈ ਅਤੇ ਇਸ ’ਚ 34.6 ਫੀਸਦੀ ਦੀ ਗਿਰਾਵਟ ਆਈ ਹੈ ਜਦ ਕਿ ਜਰਮਨ ਦਾ ਮਾਰਕੀਟ ਕੈਪ 25.5 ਫੀਸਦੀ, ਫ੍ਰਾਂਸ ਦਾ 24.6 ਫੀਸਦੀ ਅਤੇ ਅਮਰੀਕਾ ਦੇ ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ 23.4 ਫੀਸਦੀ ਡਿਗਿਆ ਹੈ। ਇਸ ਦਰਮਿਆਨ ਸਿਰਫ ਸਾਊਦੀ ਅਰਬ ਅਜਿਹਾ ਦੇਸ਼ ਹੈ, ਜਿਸ ਦੇ ਮਾਰਕੀਟ ਕੈਪ ’ਚ ਇਸ ਸਾਲ 15 ਫੀਸਦੀ ਦਾ ਵਾਧਾ ਹੋਇਆ ਹੈ।
ਦੇਸ਼ ਮਾਰਕੀਟ ਕੈਪ ਬਦਲਾਅ
ਅਮਰੀਕਾ 41.18 -23.41
ਚੀਨ 10.70 -17.65
ਹਾਂਗਕਾਂਗ 5.43 -10.50
ਜਾਪਾਨ 5.34 -19.36
ਸਾਊਦੀ ਅਰਬ 3.06 -14.98
ਭਾਰਤ 2.99 -13.60
ਯੂ. ਕੇ. 2.98 -18.70
ਕੈਨੇਡਾ 2.87 -10.36
ਫ੍ਰਾਂਸ 2.61 -24.64
ਜਰਮਨੀ 2.06 -25.50
ਦੁਨੀਆ 98.46 -18.98
ਮਾਰਕੀਟ ਕੈਪ ਦੇ ਅੰਕੜੇ ਟ੍ਰਿਲੀਅਨ ਡਾਲਰ ’ਚ
ਸ੍ਰੋਤ : ਬਲੂਮਬਰਗ
ਵਿਦੇਸ਼ੀ ਨਿਵੇਸ਼ਕਾਂ ਨੇ ਇਸ ਸਾਲ ਬਾਜ਼ਾਰ ’ਚੋਂ ਕੱਢੇ 2 ਲੱਖ ਕਰੋੜ
ਮੁੰਬਈ : ਇਸ ਸਾਲ ਵਿਦੇਸ਼ੀ ਨਿਵੇਸ਼ਕਾਂ ਵਲੋਂ ਭਾਰਤੀ ਬਾਜ਼ਾਰ ’ਚੋਂ ਕੱਢੇ ਗਏ ਪੈਸਿਆਂ ਦਾ ਅੰਕੜਾ 2 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ। ਇਹ ਭਾਰਤੀ ਬਾਜ਼ਾਰ ਤੋਂ ਧਨ ਦੀ ਨਿਕਾਸੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 2018 ’ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ ’ਚੋਂ 80917 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਸੈਂਟਰਲ ਡਿਪਾਜ਼ਿਟਰੀ ਸਰਵਿਸਿਜ਼ ਲਿਮਟਿਡ (ਸੀ. ਡੀ. ਐੱਸ. ਐੱਲ.) ਦੇ ਡਾਟਾ ਮੁਤਾਬਕ ਇਸ ’ਚੋਂ 1.90 ਲੱਖ ਕਰੋੜ ਰੁਪਏ (90 ਫੀਸਦੀ ਤੋਂ ਜ਼ਿਆਦਾ) ਫਾਰੇਨ ਪੋਰਟਫੋਲੀਓ ਇਨਵੈਸਟਰਸ (ਐੱਫ. ਪੀ. ਆਈ.) ਵਲੋਂ ਕੀਤ ਗਈ ਵਿਕਰੀ ਕਾਰਨ ਦੇਸ਼ ਤੋਂ ਬਾਹਰ ਹੋ ਗਏ ਹਨ।
ਵਿਦੇਸ਼ੀ ਨਿਵੇਸ਼ਕਾਂ ਦੀ ਵੱਡੀ ਵਿਕਰੀ
ਵਿਕਰੀ ਦੇ 9 ਮਹੀਨੇ
ਅਕਤੂਬਰ 2021 13600 ਕਰੋੜ
ਨਵੰਬਰ 2021 5900 ਕਰੋੜ
ਦਸੰਬਰ 2021 19000 ਕਰੋੜ
ਜਨਵਰੀ 2022 33300 ਕਰੋੜ
ਫਰਵਰੀ 2022 35600 ਕਰੋੜ
ਮਾਰਚ 2022 41100 ਕਰੋੜ
ਅਪ੍ਰੈਲ 2022 17100 ਕਰੋੜ
ਮਈ 2022 40000 ਕਰੋੜ
ਜੂਨ 2022 24900 ਕਰੋੜ
ਵਿਕਰੀ ਦੇ ਅੰਕੜੇ 15 ਜੂਨ ਤੱਕ
ਸ੍ਰੋਤ : ਸੀ. ਡੀ. ਐੱਸ. ਐੱਲ.