ਬੈਂਕਾਂ ਨੂੰ ਜ਼ਿਆਦਾ ਪੂੰਜੀ ਦੇਣ ਨਾਲ ਸਰਕਾਰ ''ਤੇ ਪਵੇਗਾ 9,000 ਕਰੋੜ ਰੁਪਏ ਦਾ ਬੋਝ : ਸੁਬਰਾਮਣੀਅਨ
Thursday, Oct 26, 2017 - 01:28 AM (IST)

ਨਵੀਂ ਦਿੱਲੀ (ਭਾਸ਼ਾ)-ਮੁੱਖ ਆਰਥਿਕ ਸਲਾਹਾਕਾਰ ਅਰਵਿੰਦ ਸੁਬਰਾਮਣੀਅਨ ਨੇ ਅੱਜ ਕਿਹਾ ਕਿ ਬਾਂਡ ਜ਼ਰੀਏ ਬੈਂਕਾਂ ਨੂੰ ਵਾਧੂ ਪੂੰਜੀ ਮੁਹੱਈਆ ਕਰਵਾਉਣ 'ਚ ਸਰਕਾਰ ਨੂੰ ਵਿਆਜ ਦੇ ਰੂਪ 'ਚ 9000 ਕਰੋੜ ਰੁਪਏ ਦਾ ਵਾਧੂ ਬੋਝ ਝੱਲਣਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ 'ਤੇ ਪੈਣ ਵਾਲੀ ਇਸ ਵਾਧੂ ਲਾਗਤ ਦਾ ਮਹਿੰਗਾਈ 'ਤੇ ਕੋਈ ਅਸਰ ਨਹੀਂ ਹੋਵੇਗਾ। ਸੁਬਰਾਮਣੀਅਨ ਨੇ ਕਿਹਾ ਕਿ ਬਾਂਡ 'ਤੇ ਦਿੱਤੀ ਜਾਣ ਵਾਲੀ ਵਿਆਜ ਦੀ ਇਸ ਲਾਗਤ ਨੂੰ ਆਰਥਿਕ ਗਤੀਵਿਧੀਆਂ ਵਧਾ ਕੇ, ਕਰਜ਼ਾ ਸਪਲਾਈ ਦਾ ਵਿਸਥਾਰ ਕਰ ਕੇ ਅਤੇ ਨਿੱਜੀ ਨਿਵੇਸ਼ 'ਚ ਵਾਧਾ ਲਿਆ ਕੇ ਪੂਰਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ 1.35 ਲੱਖ ਕਰੋੜ ਰੁਪਏ ਦੇ ਪੂੰਜੀਕਰਨ ਬਾਂਡ ਜਾਰੀ ਕਰਨ ਦੀ ਅਸਲ ਵਿੱਤੀ ਲਾਗਤ ਕਰੀਬ 8000 ਤੋਂ 9000 ਕਰੋੜ ਰੁਪਏ ਹੋਵੇਗੀ ਪਰ ਇਸ ਲਾਗਤ ਨੂੰ ਆਰਥਿਕ ਗਤੀਵਿਧੀਆਂ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰ ਕੇ ਅਰਥਵਿਵਸਥਾ 'ਚ ਵਿਸ਼ਵਾਸ ਵਧਾ ਕੇ ਪੂਰਾ ਕੀਤਾ ਜਾ ਸਕਦਾ ਹੈ। ਕਰਜ਼ੇ ਦੀ ਸਪਲਾਈ ਵਧੇ, ਨਿੱਜੀ ਖੇਤਰ ਦੇ ਨਿਵੇਸ਼ 'ਚ ਵਾਧਾ ਹੋਵੇ ਅਤੇ ਕੁਲ ਮਿਲਾ ਕੇ ਆਰਥਿਕ ਵਾਧੇ ਦੀ ਗਤੀ ਤੇਜ਼ ਹੋਵੇ।