ਕਰੋੜਾਂ ਕਿਸਾਨਾਂ ਨੂੰ ਸਰਕਾਰ ਦਾ ਤੋਹਫਾ, ਵਿਆਜ 'ਤੇ ਸਬਸਿਡੀ ਦੀ ਛੋਟ ਵਧਾਈ
Wednesday, Feb 19, 2020 - 06:54 PM (IST)
ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਬੁੱਧਵਾਰ ਨੂੰ ਹੋਈ ਬੈਠਕ 'ਚ ਮੋਦੀ ਕੈਬਨਿਟ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਸਵੈਇੱਛੁਕ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਨਾਰਥ ਈਸਟ ਦੇ ਕਿਸਾਨਾਂ ਲਈ ਫਸਲ ਬੀਮਾ ਦਾ ਪ੍ਰੀਮੀਅਮ 90 ਫੀਸਦੀ ਸਰਕਾਰ ਦੇਵੇਗੀ। ਇਸ ਦੇ ਨਾਲ ਹੀ ਖੇਤੀਬਾੜੀ ਲੋਨ 'ਤੇ ਮਿਲਣ ਵਾਲੇ ਇੰਟਰਸਟ ਸਬਵੇਂਸ਼ਨ, ਵਿਆਜ ਸਹਾਇਤਾ ਯੋਜਨਾ(Interest Subvention Scheme) 'ਚ ਲਾਭ ਨੂੰ 2 ਫੀਸਦੀ ਤੋਂ ਵਧਾ ਕੇ 2.5 ਫੀਸਦੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਨਾਲ 95 ਲੱਖ ਡੇਅਰੀ ਕਿਸਾਨਾਂ ਨੂੰ ਲਾਭ ਹੋਵੇਗਾ। ਕੈਬਨਿਟ ਦੀ ਬੈਠਕ ਖਤਮ ਹੋਣ ਦੇ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਪ੍ਰੈੱਸ ਕਾਨਫਰੈਂਸ 'ਚ ਇਹ ਜਾਣਕਾਰੀ ਦਿੱਤੀ।
ਕਰੋੜਾਂ ਕਿਸਾਨਾਂ ਨੇ ਫਸਲ ਬੀਮਾ ਦਾ ਲਿਆ ਲਾਭ
ਪ੍ਰੈਸ ਕਾਨਫਰੰਸ ਵਿਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਫਸਲ ਬੀਮਾ ਯੋਜਨਾ ਦਾ ਲਾਭ 5.5 ਕਰੋੜ ਕਿਸਾਨਾਂ ਨੇ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕੁੱਲ 13,000 ਕਰੋੜ ਰੁਪਏ ਦਾ ਬੀਮਾ ਕੀਤਾ ਗਿਆ ਹੈ। ਇਸ ਵਿਚੋਂ 7 ਹਜ਼ਾਰ ਕਰੋੜ ਰੁਪਏ ਕਲੇਮ ਵਜੋਂ ਦਿੱਤੇ ਗਏ ਹਨ। ਕਿਸਾਨਾਂ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਖੇਤੀਬਾੜੀ ਮੰਤਰੀ ਨੇ ਕਿਹਾ, 'ਕੈਬਨਿਟ ਨੇ ਫਸਲੀ ਬੀਮਾ ਯੋਜਨਾ ਵਿਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਨੂੰ ਕਿਸਾਨਾਂ ਲਈ ਸਵੈਇੱਛਤ ਬਣਾਇਆ ਗਿਆ ਹੈ'।
ਖੇਤੀਬਾੜੀ ਮੰਤਰੀ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਪ੍ਰੀਮੀਅਮ ਦਾ 50-50 ਪ੍ਰਤੀਸ਼ਤ ਯੋਗਦਾਨ ਪਾਉਂਦੀਆਂ ਹਨ। ਪਰ ਉੱਤਰ ਪੂਰਬ ਦੇ ਕਿਸਾਨਾਂ ਲਈ ਸਰਕਾਰ ਨੇ ਇਕ ਵੱਡਾ ਕਦਮ ਚੁੱਕਿਆ ਹੈ। ਇੱਥੇ ਫਸਲ ਬੀਮਾ ਪ੍ਰੀਮੀਅਮ 'ਚ 90 ਫੀਸਦੀ ਯੋਗਦਾਨ ਕੇਂਦਰ ਅਤੇ 10 ਫੀਸਦੀ ਯੋਗਦਾਨ ਸੂਬਾ ਸਰਕਾਰ ਦਾ ਰਹੇਗਾ। ਇਸ ਤੋਂ ਇਲਾਵਾ 3 ਫੀਸਦੀ ਯੋਜਨਾ ਦੀ ਰਕਮ ਪ੍ਰਬੰਧਕੀ ਪ੍ਰਣਾਲੀ 'ਤੇ ਰਹੇਗੀ।
10 ਹਜ਼ਾਰ ਕਿਸਾਨ ਉਤਪਾਦਕ ਐਸੋਸੀਏਸ਼ਨ ਬਣਾਉਣ ਦਾ ਟੀਚਾ
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੈਬਨਿਟ ਨੇ 10 ਹਜ਼ਾਰ ਕਿਸਾਨ ਪ੍ਰੋਡਿਊਸਰ ਐਸੋਸੀਏਸ਼ਨ ਬਣਾਉਣ ਦਾ ਟੀਚਾ ਮਿੱਥਿਆ ਹੈ।
ਡੇਅਰੀ ਸੈਕਟਰ ਲਈ 4558 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ
ਸਰਕਾਰ ਨੇ ਡੇਅਰੀ ਸੈਕਟਰ ਨੂੰ ਉਤਸ਼ਾਹਤ ਕਰਨ ਲਈ 4,558 ਕਰੋੜ ਰੁਪਏ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਤਕਰੀਬਨ 95 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪੱਤਰਕਾਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੁਆਰਾ ਲਏ ਗਏ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦੇਸ਼ ਵਿਚ ਦੁੱਧ ਦੀ ਕ੍ਰਾਂਤੀ ਵਿਚ ਨਵੇਂ ਪਹਿਲੂਆਂ ਨੂੰ ਜੋੜ ਦੇਵੇਗਾ।