ਜੀਓ- ਫੇਸਬੁੱਕ ਡੀਲ ਨਾਲ 3 ਕਰੋੜ ਦੁਕਾਨਦਾਰਾਂ ਨੂੰ ਹੋਵੇਗਾ ਫਾਇਦਾ : ਮੁਕੇਸ਼ ਅੰਬਾਨੀ

04/22/2020 2:16:42 PM

ਨਵੀਂ ਦਿੱਲੀ - ਸੋਸ਼ਲ ਮੀਡੀਆ ਖੇਤਰ ਦੀ ਦਿੱਗਜ ਅਮਰੀਕੀ ਕੰਪਨੀ ਫੇਸਬੁੱਕ ਨੇ ਬੁੱਧਵਾਰ ਨੂੰ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਗਰੁੱਪ ਦੀ ਕੰਪਨੀ ਜੀਓ ਪਲੇਟਫਾਰਮ ਲਿਮਟਿਡ ਵਿਚ 9.99 ਫੀਸਦੀ ਹਿੱਸੇਦਾਰੀ ਖਰੀਦਣ ਲਈ 5.7 ਅਰਬ ਡਾਲਰ ਯਾਨੀ ਕਿ 43,574 ਕਰੋੜ ਰੁਪਏ ਦੇ ਨਿਵੇਸ਼ ਤੇ ਹਸਤਾਖਰ ਕੀਤੇ ਹਨ। ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ ਇਹ ਡੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਸਹਾਇਤਾ ਕਰੇਗਾ। ਅੰਬਾਨੀ ਨੇ ਇਕ ਲੰਮੇ ਸਮੇਂ ਦੇ ਪਾਰਟਨਰ ਵਜੋਂ ਫੇਸਬੁੱਕ ਦਾ ਸਵਾਗਤ ਕੀਤਾ।

ਅੰਬਾਨੀ ਨੇ ਵੀਡੀਓ ਜਾਰੀ ਕਰਕੇ ਸੰਦੇਸ਼ ਦਿੱਤਾ

ਇੱਕ ਵੀਡੀਓ ਦੇ ਜ਼ਰੀਏ ਮੁਕੇਸ਼ ਅੰਬਾਨੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਡਿਜੀਟਲ ਇੰਡੀਆ ਮਿਸ਼ਨ ਵਿਚ ਦੋ ਮਹੱਤਵਪੂਰਣ ਟੀਚੇ ਨਿਰਧਾਰਤ ਕੀਤੇ ਹਨ - ਸਾਰੇ ਭਾਰਤੀਆਂ, ਖਾਸ ਕਰਕੇ ਆਮ ਆਦਮੀ ਲਈ 'ਈਜ਼ ਆਫ ਲੀਵਿੰਗ' ਅਤੇ ਉਦਮੀਆਂ ਖਾਸ ਕਰਕੇ ਛੋਟੇ ਉਦਮੀਆਂ ਲਈ 'ਈਜ਼ ਆਫ ਡੂਇੰਗ ਬਿਜ਼ਨੇਸ'। ਅੱਜ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੀਓ ਅਤੇ ਫੇਸਬੁੱਕ ਵਿਚਕਾਰ ਸਮਝੌਤਾ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗਾ।

ਅੰਬਾਨੀ ਨੇ ਕਿਹਾ ਕਿ, 'ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਸੁਰੱਖਿਅਤ ਹੋ। ਅਸੀਂ ਸਾਰਿਆਂ ਦਾ ਅਤੇ ਰਿਲਾਇੰਸ ਜਿਓ ਫੇਸਬੁੱਕ ਇੰਕ ਦਾ ਸਵਾਗਤ ਕਰਦੇ ਹਾਂ। ਪਿਛਲੇ ਕੁਝ ਸਾਲਾਂ ਵਿਚ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਭਾਰਤ ਵਿਚ ਘਰੇਲੂ ਨਾਮ ਬਣ ਗਏ ਹਨ। ਵਟਸਐਪ ਭਾਰਤ ਦੀਆਂ ਸਾਰੀਆਂ 23 ਸਰਕਾਰੀ ਭਾਸ਼ਾਵਾਂ ਵਿਚ ਉਪਲਬਧ ਹੈ ਅਤੇ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਬਣ ਗਈ ਹੈ।'

ਇਹ ਵੀ ਪੜ੍ਹੋ: ਪਤੰਜਲੀ ਸੈਨੇਟਾਈਜ਼ਰ ਨੂੰ ਸਭ ਤੋਂ ਸਸਤਾ ਦੱਸਣ 'ਤੇ ਬਾਬਾ ਰਾਮਦੇਵ ਹੋਏ ਟ੍ਰੋਲ

ਸਾਡੇ ਸਾਰਿਆਂ ਦਾ ਪਿਆਰਾ ਦੋਸਤ ਵਟਸਐਪ

ਵਟਸਐਪ ਸਿਰਫ ਇੱਕ ਡਿਜੀਟਲ ਐਪਲੀਕੇਸ਼ਨ ਹੀ ਨਹੀਂ ਹੈ, ਸਗੋਂ ਇਹ ਤੁਹਾਡਾ ਅਤੇ ਸਾਡੇ ਸਾਰਿਆਂ ਦਾ ਪਿਆਰਾ ਦੋਸਤ ਬਣ ਗਿਆ ਹੈ। ਵਟਸਐਪ ਇਕ ਅਜਿਹਾ ਦੋਸਤ ਹੈ ਜੋ ਪਰਿਵਾਰਾਂ, ਦੋਸਤਾਂ, ਕਾਰੋਬਾਰਾਂ, ਜਾਣਕਾਰੀ ਲੈਣ ਵਾਲਿਆਂ ਅਤੇ ਉਪਲੱਬਧ ਕਰਵਾਉਣ ਵਾਲਿਆਂ ਨੂੰ ਇਕੱਠੇ ਕਰਦਾ ਹੈ।

ਤਿੰਨ ਕਰੋੜ ਦੁਕਾਨਦਾਰਾਂ ਨੂੰ ਹੋਵੇਗਾ ਲਾਭ 

ਜਿਓ ਦੇ ਵਿਸ਼ਵ ਪੱਧਰੀ ਡਿਜੀਟਲ ਕਨੈਕਟੀਵਿਟੀ ਪਲੇਟਫਾਰਮ ਅਤੇ ਭਾਰਤੀ ਲੋਕਾਂ ਦੇ ਨਾਲ ਫੇਸਬੁੱਕ ਦੇ ਸੰਬੰਧਾਂ ਦੀ ਸਾਂਝੀ ਤਾਕਤ ਤੁਹਾਡੇ ਸਾਰਿਆਂ ਲਈ ਭਵਿੱਖ ਵਿਚ ਨਵੀਂ ਇਨੋਵੇਸ਼ਨ ਪੇਸ਼ ਕਰੇਗੀ। ਜੀਓ ਮਾਰਟ ਅਤੇ ਜੀਓ ਦੇ ਨਵੇਂ ਡਿਜੀਟਲ ਬਿਜ਼ਨਸ ਪਲੇਟਫਾਰਮ ਨੂੰ ਵਾਟਸਐਪ ਦਾ ਸਾਥ ਮਿਲਣ ਨਾਲ ਇਸ ਦਾ ਫਾਇਦਾ ਹੋਵੇਗਾ। ਤਿੰਨ ਕਰੋੜ ਦੁਕਾਨਦਾਰਾਂ ਨੂੰ ਲਾਭ ਮਿਲੇਗਾ। ਇਹ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਤੁਰੰਤ ਅਤੇ ਵਧੀਆ ਡਿਜੀਟਲ ਟ੍ਰਾਂਜੈਕਸ਼ਨ ਪਲੇਟਫਾਰਮ ਪ੍ਰਦਾਨ ਕਰੇਗਾ। ਯਾਨੀ ਗ੍ਰਾਹਕ ਆਸਾਨੀ ਨਾਲ ਘਰ ਦੇ ਨਜ਼ਦੀਕ ਸਥਾਨਕ ਦੁਕਾਨਾਂ ਤੋਂ ਹਰ ਰੋਜ਼ ਮਾਲ ਦੀ ਡਿਲੀਵਰੀ ਅਤੇ ਆਰਡਰ ਦੇ ਸਕਣਗੇ।

ਅੰਬਾਨੀ ਨੇ ਕਿਹਾ, 'ਆਉਣ ਵਾਲੇ ਦਿਨਾਂ ਵਿਚ ਇਹ ਗੱਠਜੋੜ ਭਾਰਤੀ ਸਮਾਨ ਦੇ ਹੋਰ ਪ੍ਰਮੁੱਖ ਹਿੱਸੇਦਾਰਾਂ ਦੀ ਸੇਵਾ ਵੀ ਕਰੇਗਾ - ਸਾਡੇ ਕਿਸਾਨ, ਸਾਡੇ ਛੋਟੇ ਅਤੇ ਦਰਮਿਆਨੇ ਉੱਦਮ, ਸਾਡੇ ਵਿਦਿਆਰਥੀ ਅਤੇ ਅਧਿਆਪਕ, ਸਾਡੀ ਸਿਹਤ ਸੰਭਾਲ ਪ੍ਰਦਾਤਾ ਅਤੇ ਸਾਡੀਆਂ ਔਰਤਾਂ ਅਤੇ ਨੌਜਵਾਨ, ਜਿਨ੍ਹਾਂ ਨੇ ਨਵੇਂ ਭਾਰਤ ਨੀਂਹ ਰੱਖੀ ਗਈ ਹੈ।

ਡਿਜੀਟਲ ਆਰਥਿਕਤਾ ਨੂੰ ਮਿਲੇਗੀ ਰਫਤਾਰ

ਉਨ੍ਹਾਂ ਕਿਹਾ, 'ਸਾਡੀਆਂ ਕੰਪਨੀਆਂ ਮਿਲ ਕੇ ਭਾਰਤ ਦੀ ਡਿਜੀਟਲ ਆਰਥਿਕਤਾ ਨੂੰ ਤੇਜ਼ ਕਰਨਗੀਆਂ, ਤਾਂ ਜੋ ਤੁਹਾਨੂੰ ਸਮਰੱਥ ਬਣਾਇਆ ਜਾ ਸਕੇ ਅਤੇ ਤੁਹਾਨੂੰ ਖੁਸ਼ਹਾਲ ਬਣਾਇਆ ਜਾ ਸਕੇ। ਸਾਡੀ ਭਾਈਵਾਲੀ ਭਾਰਤ ਨੂੰ ਦੁਨੀਆ ਦਾ ਮੋਹਰੀ ਡਿਜੀਟਲ ਸਮਾਜ ਬਣਾਉਣ ਲਈ ਹੈ। '

ਕੋਰੋਨਾ ਹਾਰ ਜਾਵੇਗਾ, ਭਾਰਤ ਜਿੱਤੇਗਾ

ਆਖਿਰ 'ਚ ਅੰਬਾਨੀ ਨੇ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਕਾਮਨਾ ਕਰਦਾ ਹਾਂ। ਅਸੀਂ ਸਾਰੇ ਇਕੱਠੇ ਹਾਂ ਅਤੇ ਇਕੱਠੇ ਮਿਲ ਕੇ ਅਸੀਂ ਕੋਰੋਨਾ ਮਹਾਂਮਾਰੀ 'ਤੇ ਕਾਬੂ ਕਰ ਲਵਾਂਗੇ। ਕੋਰੋਨਾ ਹਾਰ ਜਾਵੇਗਾ, ਭਾਰਤ ਜਿੱਤੇਗਾ।


 


Harinder Kaur

Content Editor

Related News