ਸਾਲ 2022-23 ''ਚ ਇੰਨੀ ਫੀਸਦੀ ਰਹਿ ਸਕਦੀ ਹੈ ਵਿਕਾਸ ਦਰ, NSO ਨੇ ਜਾਰੀ ਕੀਤੇ ਅਗਾਊਂ ਅਨੁਮਾਨ

01/07/2023 4:51:17 PM

ਨਵੀਂ ਦਿੱਲੀ- ਦੇਸ਼ ਦੀ ਆਰਥਿਕ ਵਿਕਾਸ ਦਰ ਮੌਜੂਦਾ ਵਿੱਤੀ ਸਾਲ 'ਚ ਸਾਲਾਨਾ ਆਧਾਰ 'ਤੇ ਘਟ ਕੇ ਸੱਤ ਫੀਸਦੀ ਰਹਿਣ ਦਾ ਅਨੁਮਾਨ  ਹੈ। ਇਸ ਦਾ ਕਾਰਨ ਮੁੱਖ ਤੌਰ 'ਤੇ ਨਿਰਮਾਣ ਅਤੇ ਮਾਈਨਿੰਗ ਸੈਕਟਰਾਂ ਦਾ ਕਮਜ਼ੋਰ ਪ੍ਰਦਰਸ਼ਨ ਹੈ। ਪਿਛਲੇ ਵਿੱਤੀ ਸਾਲ 'ਚ ਵਿਕਾਸ ਦਰ 8.7 ਫੀਸਦੀ ਰਹੀ ਸੀ। ਰਾਸ਼ਟਰੀ ਸੰਖਿਅਕੀ ਦਫ਼ਤਰ (ਐੱਨ.ਐੱਸ.ਓ.) ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਆਮਦਨ ਦੇ ਪਹਿਲੇ ਅਗਾਊਂ ਅਨੁਮਾਨ 'ਚ ਕਿਹਾ ਕਿ ਵਿੱਤੀ ਸਾਲ 2022-23 'ਚ ਨਿਰਮਾਣ ਖੇਤਰ ਦਾ ਉਤਪਾਦਨ ਘਟ ਕੇ 1.6 ਫੀਸਦੀ ਰਹਿ ਸਕਦਾ ਹੈ, ਜਦਕਿ 2021-22 'ਚ ਇਸ 'ਚ 9.9 ਫੀਸਦੀ ਦਾ ਵਾਧਾ ਹੋਇਆ ਸੀ।

ਇਸੇ ਤਰ੍ਹਾਂ ਮਾਈਨਿੰਗ ਸੈਕਟਰ ਦੀ ਵਿਕਾਸ ਦਰ 2.4 ਫੀਸਦੀ ਰਹਿਣ ਦਾ ਅਨੁਮਾਨ ਹੈ ਜੋ 2021-22 ਵਿੱਚ 11.5 ਫੀਸਦੀ ਸੀ। ਐੱਨ.ਐੱਸ.ਓ. ਦੇ ਅਨੁਸਾਰ, ਸਥਿਰ ਕੀਮਤਾਂ (2011-12) 'ਤੇ ਦੇਸ਼ ਦੀ ਜੀਡੀਪੀ 2022-23 ਵਿੱਚ 157.60 ਲੱਖ ਕਰੋੜ ਰੁਪਏ ਰਹਿਣ ਦੀ ਸੰਭਾਵਨਾ ਹੈ। ਸਾਲ 2021-22 ਲਈ 31 ਮਈ, 2022 ਨੂੰ ਜਾਰੀ ਅਸਥਾਈ ਅਨੁਮਾਨ ਵਿੱਚ ਜੀਡੀਪੀ 147.36 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। 

ਐੱਨ.ਐੱਸ.ਓ ਦਾ ਅਨੁਮਾਨ ਆਰ.ਬੀ.ਆਈ ਤੋਂ ਜ਼ਿਆਦਾ 
ਅਸਲ ਭਾਵ ਸਥਿਰ ਕੀਮਤ 'ਤੇ ਜੀਡੀਪੀ ਵਿਕਾਸ ਦਰ ਚਾਲੂ ਵਿੱਤੀ ਸਾਲ ਵਿੱਚ ਸੱਤ ਫੀਸਦੀ ਰਹਿਣ ਦੀ ਸੰਭਾਵਨਾ ਹੈ ਜੋ ਕਿ 2021-22 ਵਿੱਚ 8.7 ਫੀਸਦੀ ਸੀ। ਜੀਡੀਪੀ ਦੇਸ਼ ਦੀ ਸੀਮਾ 'ਚ ਨਿਸ਼ਚਿਤ ਮਿਆਦ 'ਚ ਉਤਪਾਦਿਤ ਵਸਤਾਂ ਅਤੇ ਸੇਵਾਵਾਂ ਦੇ ਕੁੱਲ ਮੁੱਲ ਨੂੰ ਦਰਸਾਉਂਦਾ ਹੈ। ਐੱਨ.ਐੱਸ.ਓ ਦਾ ਇਹ ਅਨੁਮਾਨ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ ਜੀਡੀਪੀ ਵਿਕਾਸ ਦਰ 6.8 ਫੀਸਦੀ ਰਹਿਣ ਦੇ ਅਨੁਮਾਨ ਤੋਂ ਵੱਧ ਹੈ।

ਵਰਤਮਾਨ ਕੀਮਤਾਂ 'ਤੇ ਜੀਡੀਪੀ 2022-23 ਵਿੱਚ 273.08 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਦੋਂ ਕਿ 2021-22 ਲਈ ਅਸਥਾਈ ਅਨੁਮਾਨ ਵਿੱਚ ਇਸ ਦੇ 236.65 ਲੱਖ ਕਰੋੜ ਰੁਪਏ ਰਹਿਣ ਦੀ ਸੰਭਾਵਨਾ ਜਤਾਈ ਗਈ ਸੀ। ਇਸ ਤਰ੍ਹਾਂ, ਵਰਤਮਾਨ ਕੀਮਤਾਂ 'ਤੇ ਜੀਡੀਪੀ (ਨਾਮੀਨਲ ਜੀਡੀਪੀ) ਵਿੱਚ ਵਿਕਾਸ ਦਰ 2022-23 'ਚ 15.4 ਫੀਸਦੀ ਰਹਿਣ ਦੀ ਸੰਭਵਨਾ ਹੈ ਜੋ 2021-22 ਵਿੱਚ 19.5 ਫੀਸਦੀ ਸੀ। ਅਗਾਊਂ ਅਨੁਮਾਨਾਂ ਅਨੁਸਾਰ ਖੇਤੀਬਾੜੀ ਖੇਤਰ ਦੀ ਵਿਕਾਸ ਦਰ 2022-23 ਵਿੱਚ 3.5 ਫੀਸਦੀ ਰਹਿਣ ਦੀ ਸੰਭਾਵਨਾ ਹੈ ਜੋ ਪਿਛਲੇ ਵਿੱਤੀ ਸਾਲ ਵਿੱਚ ਤਿੰਨ ਫੀਸਦੀ ਦੀ ਵਿਕਾਸ ਦਰ ਨਾਲੋਂ ਵੱਧ ਹੈ।

ਜਾਣੋ ਕਿਸ ਖੇਤਰ ਵਿੱਚ ਰਹੇਗੀ ਕਿੰਨੀ ਤੇਜ਼ੀ

ਵਪਾਰ, ਹੋਟਲ, ਟਰਾਂਸਪੋਰਟ, ਸੰਚਾਰ ਅਤੇ ਪ੍ਰਸਾਰਣ ਨਾਲ ਸਬੰਧਤ ਸੇਵਾ ਖੇਤਰ ਦੀ ਵਿਕਾਸ ਦਰ ਚਾਲੂ ਵਿੱਤੀ ਸਾਲ ਵਿੱਚ 13.7 ਫੀਸਦੀ ਰਹਿਣ ਦੀ ਉਮੀਦ ਹੈ ਜੋ ਕਿ 2021-22 ਵਿੱਚ 11.1 ਫੀਸਦੀ ਸੀ। ਵਿੱਤੀ, ਰੀਅਲ ਅਸਟੇਟ ਅਤੇ ਪੇਸ਼ੇਵਰ ਸੇਵਾ ਖੇਤਰ ਵਿੱਚ ਵਿਕਾਸ ਦਰ 2021-22 ਵਿੱਚ 4.2 ਫੀਸਦੀ ਤੋਂ 2022-23 ਵਿੱਚ 6.4 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਹਾਲਾਂਕਿ ਨਿਰਮਾਣ ਖੇਤਰ ਦੀ ਵਿਕਾਸ ਦਰ ਪਿਛਲੇ ਵਿੱਤੀ ਸਾਲ ਦੇ 11.5 ਫੀਸਦੀ ਤੋਂ ਘੱਟ ਕੇ 9.1 ਫੀਸਦੀ ਰਹਿਣ ਦੀ ਉਮੀਦ ਹੈ।
ਇਸੇ ਤਰ੍ਹਾਂ, ਜਨਤਕ ਪ੍ਰਸ਼ਾਸਨ, ਰੱਖਿਆ ਅਤੇ ਹੋਰ ਸੇਵਾਵਾਂ ਦੀ ਵਿਕਾਸ ਦਰ 2021-22 ਵਿੱਚ 12.6 ਫੀਸਦੀ ਤੋਂ ਘਟ ਕੇ 7.9 ਫੀਸਦੀ ਰਹਿਣ ਦਾ ਅਨੁਮਾਨ ਹੈ। ਸਥਿਰ ਕੀਮਤਾਂ 'ਤੇ ਕੁੱਲ ਮੁੱਲ ਜੋੜ (ਜੀਵੀਏ) ਵਿੱਚ ਵਾਧੇ ਦੀ ਦਰ 2022-23 ਵਿੱਚ 6.7 ਫੀਸਦੀ ਹੋਣ ਦਾ ਅਨੁਮਾਨ ਹੈ ਜਦੋਂ ਕਿ ਪਿਛਲੇ ਵਿੱਤੀ ਸਾਲ ਵਿੱਚ ਇਹ 8.1 ਫੀਸਦੀ ਸੀ।


Aarti dhillon

Content Editor

Related News