ਜੂਨ ਤਿਮਾਹੀ ''ਚ GDP ਗ੍ਰੋਥ ਰਹੀ 13.5 ਫੀਸਦੀ
Wednesday, Aug 31, 2022 - 06:27 PM (IST)
ਨਵੀਂ ਦਿੱਲੀ- ਭਾਰਤ ਸਰਕਾਰ ਨੇ 31 ਅਗਸਤ ਨੂੰ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ 2022) ਦੇ ਜੀ.ਡੀ.ਪੀ. ਦੇ ਅੰਕੜੇ ਜਾਰੀ ਕੀਤੇ ਹਨ। ਸਰਕਾਰ ਨੇ ਦੱਸਿਆ ਕਿ ਜੂਨ ਤਿਮਾਹੀ 'ਚ ਦੇਸ਼ ਦੀ ਜੀ.ਡੀ.ਪੀ. 13.5 ਫੀਸਦੀ ਦੀ ਦਰ ਨਾਲ ਵਧੀ ਹੈ।
ਹਾਲਾਂਕਿ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਦੇਸ਼ ਦੀ ਜੀ.ਡੀ.ਪੀ. ਗ੍ਰੋਥ ਰੇਟ 20.1 ਫੀਸਦੀ ਰਹੀ ਸੀ। ਪਰ ਇਸ 'ਚ ਲੋਅ ਬੇਸ ਦਾ ਵੱਡਾ ਹੱਥ ਸੀ। ਦਰਅਸਲ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ 'ਚ ਕੋਵਿਡ ਲਾਕਡਾਊਨ ਦੇ ਚੱਲਦੇ ਇਕੋਨਮੀ 'ਚ 23.8 ਫੀਸਦੀ ਦੀ ਗਿਰਾਵਟ ਆਈ ਸੀ।
ਉਧਰ ਪਿਛਲੇ ਵਿੱਤੀ ਸਾਲ ਦੀ ਅੰਤਿਮ ਤਿਮਾਹੀ (ਦਸੰਬਰ-ਮਾਰਚ) 'ਚ ਜੀ.ਡੀ.ਪੀ. ਦੀ ਗ੍ਰੋਥ ਸਿਰਫ਼ 4.1 ਫੀਸਦੀ ਸੀ। ਜੂਨ ਤਿਮਾਹੀ 'ਚ ਜੀ.ਡੀ.ਪੀ. ਗਰੋਥ ਵਧਣ ਦੀ ਵਜ੍ਹਾ ਲੋਅ ਬੇਸ ਦੇ ਨਾਲ ਹੀ ਆਰਥਿਕ ਗਤੀਵਿਧੀਆਂ 'ਚ ਤੇਜ਼ੀ ਆਈ ਹੈ।
ਅਨੁਮਾਨਾਂ ਦੇ ਮੁਕਾਬਲੇ ਘੱਟ ਰਹੀ ਜੀ.ਡੀ.ਪੀ. ਗ੍ਰੋਥ
ਰੇਟਿੰਗ ਏਜੰਸੀ ਇਕਰਾ ਨੇ ਜੀ.ਡੀ.ਪੀ. 'ਚ 13 ਫੀਸਦੀ ਦੀ ਦਰ ਨਾਲ ਗ੍ਰੋਥ ਦਾ ਅਨੁਮਾਨ ਜਤਾਇਆ ਸੀ। ਉਧਰ ਭਾਰਤੀ ਸਟੇਟ ਬੈਂਕ ਨੇ ਆਪਣੀ ਰਿਪੋਰਟ 'ਚ 15.7 ਫੀਸਦੀ ਗ੍ਰੋਥ ਦਾ ਅਨੁਮਾਨ ਦਿੱਤਾ ਸੀ। ਭਾਰਤੀ ਰਿਜ਼ਰਵ ਬੈਂਕ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਮਾਨਿਟਰੀ ਪਾਲਿਸੀ ਕਮੇਟੀ ਦੀ ਬੈਠਕ ਦੌਰਾਨ ਕਿਹਾ ਸੀ ਕਿ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਜੀ.ਡੀ.ਪੀ. ਗ੍ਰੋਥ ਰੇਟ ਕਰੀਬ 16.2 ਫੀਸਦੀ ਰਹਿ ਸਕਦੀ ਹੈ।