ਹੁਣ ਸਿਰਫ ਪੋਰਟ ਨਹੀਂ ਸੰਭਾਲਣਗੇ, ਸਮੁੰਦਰੀ ਜਹਾਜ਼ ਵੀ ਬਣਾਉਣਗੇ ਗੌਤਮ ਅਡਾਨੀ

Wednesday, Jul 10, 2024 - 08:35 PM (IST)

ਹੁਣ ਸਿਰਫ ਪੋਰਟ ਨਹੀਂ ਸੰਭਾਲਣਗੇ, ਸਮੁੰਦਰੀ ਜਹਾਜ਼ ਵੀ ਬਣਾਉਣਗੇ ਗੌਤਮ ਅਡਾਨੀ

ਨਵੀਂ ਦਿੱਲੀ- ਦੇਸ਼ ਦੇ ਦੂਜੇ ਸਭ ਤੋਂ ਅਮੀਰ ਇਨਸਾਨ ਅਤੇ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਪੋਰਟ ਮੌਜੂਦਾ ਸਮੇਂ ’ਚ ਦੇਸ਼ ਦੀ ਸਭ ਤੋਂ ਵੱਡੀ ਪੋਰਟ ਮੈਨੇਜਮੈਂਟ ਕੰਪਨੀ ਹੈ। ਇਹੀ ਕੰਪਨੀ ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਬੰਦਰਗਾਹ ਮੁੰਦਰਾ ਪੋਰਟ ਨੂੰ ਵੀ ਸੰਭਾਲਦੀ ਹੈ ਪਰ ਹੁਣ ਗੌਤਮ ਅਡਾਨੀ ਨੇ ਇਸ ਤੋਂ ਅੱਗੇ ਵਧ ਕੇ ਦੇਸ਼ ’ਚ ਹੀ ਵੱਡੇ-ਵੱਡੇ ਸਮੁੰਦਰੀ ਜਹਾਜ਼ ਬਣਾਉਣ ਦੀ ਵੱਡੀ ਯੋਜਨਾ ਬਣਾਈ ਹੈ।

ਅਡਾਨੀ ਗਰੁਪ ਨੇ ਆਪਣੇ ਮੁੰਦਰਾ ਪੋਰਟ ’ਤੇ ਹੀ ਜਹਾਜ਼ ਬਣਾਉਣ ਦੀ ਦਿਸ਼ਾ ’ਚ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਚੀਨ, ਦੱਖਣ ਕੋਰੀਆ ਅਤੇ ਜਾਪਾਨ ਵਰਗੇ ਦੇਸ਼ਾਂ ’ਚ ਹੁਣ 2028 ਤੱਕ ਨਵੇਂ ਜਹਾਜ਼ ਨਹੀਂ ਬਣ ਸੱਕਦੇ ਹਨ, ਕਿਉਂਕਿ 2028 ਤੱਕ ਲਈ ਇਥੋਂ ਦੇ ਵੱਡੇ ਸ਼ਿਪਯਾਰਡ ਪੂਰੀ ਤਰ੍ਹਾਂ ਬੁੱਕ ਹੋ ਚੁੱਕੇ ਹਨ। ਅਜਿਹੇ ’ਚ ਜਹਾਜ਼ੀ ਬੇੜੇ ਰੱਖਣ ਵਾਲੀਆਂ ਗਲੋਬਲ ਕੰਪਨੀਆਂ ਨਵੇਂ ਸਮੁੰਦਰੀ ਜਹਾਜ਼ ਬਣਾਉਣ ਲਈ ਭਾਰਤ ਸਮੇਤ ਹੋਰ ਮੈਨੂਫੈਕਚਰਿੰਗ ਸਾਈਟਸ ’ਤੇ ਫੋਕਸ ਕਰ ਰਹੀਆਂ ਹਨ।

ਇੰਡੀਆ ਹੋਵੇਗਾ ਟਾਪ-10 ’ਚ ਸ਼ਾਮਲ

ਮੌਜੂਦਾ ਸਮੇਂ ’ਚ ਭਾਰਤ ਸਮੁੰਦਰੀ ਜਹਾਜ਼ ਬਣਾਉਣ ਦੇ ਮਾਮਲੇ ’ਚ ਦੁਨੀਆ ਦਾ 20ਵਾਂ ਸਭ ਤੋਂ ਵੱਡਾ ਦੇਸ਼ ਹੈ। ਦੁਨੀਆ ਦੀ ਕਮਰਸ਼ੀਅਲ ਸ਼ਿਪਬਿਲਡਿੰਗ ਮਾਰਕੀਟ ’ਚ ਭਾਰਤ ਦੀ ਹਿੱਸੇਦਾਰੀ ਸਿਰਫ 0.05 ਫ਼ੀਸਦੀ ਹੈ, ਜਦੋਂ ਕਿ ਸਰਕਾਰ ਨੇ ਆਪਣੇ ‘ਮੈਰੀਟਾਇਮ ਇੰਡੀਆ ਵਿਜ਼ਨ 2030’ ’ਚ ਭਾਰਤ ਨੂੰ ਇਸ ਮਾਮਲੇ ’ਚ ਟਾਪ-10 ’ਚ ਪਹੁੰਚਾਉਣ ਦਾ ਟੀਚਾ ਰੱਖਿਆ ਹੈ।

ਉੱਥੇ ਹੀ, ‘ਵਿਕਸਤ ਭਾਰਤ 2047’ ਦੇ ‘ਮੈਰੀਟਾਈਮ ਅੰਮ੍ਰਿਤ ਕਾਲ ਵਿਜ਼ਨ’ ’ਚ ਇਹ ਟੀਚਾ ਟਾਪ-5 ਰੱਖਿਆ ਗਿਆ ਹੈ। ਅਜਿਹੇ ’ਚ ਗੌਤਮ ਅਡਾਨੀ ਦਾ ਇਹ ਕਦਮ ਸਰਕਾਰ ਦੇ ਇਸ ਟੀਚੇ ਨੂੰ ਪ੍ਰਾਪਤ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ।

ਅਡਾਨੀ ਦਾ ਸਮੁੰਦਰੀ ਜਹਾਜ਼ ਬਣਾਉਣ ਦਾ ਪਲਾਨ

ਜੇਕਰ ਗੌਤਮ ਅਡਾਨੀ ਦੇ ਸਮੁੰਦਰੀ ਜਹਾਜ਼ ਬਣਾਉਣ ਦੇ ਪਲਾਨ ’ਤੇ ਨਜ਼ਰ ਮਾਰੀਏ ਤਾਂ ਇਸ ’ਤੇ ਉਹ ਪਹਿਲਾਂ ਤੋਂ ਹੀ ਕੰਮ ਕਰ ਰਹੇ ਸਨ ਪਰ ਮੁੰਦਰਾ ਪੋਰਟ ਦੀ 45,000 ਕਰੋਡ਼ ਰੁਪਏ ਦੀ ਵਿਸਥਾਰ ਯੋਜਨਾ ਕਾਰਨ ਇਹ ਅਟਕ ਗਿਆ ਸੀ।

ਇਕ ਰਿਪੋਰਟ ਦੇ ਮੁਤਾਬਕ ਹਾਲ ’ਚ ਮੁੰਦਰਾ ਪੋਰਟ ਨੂੰ ਐਕਸਪੈਂਸ਼ਨ ਲਈ ਵਾਤਾਵਰਣ ਅਤੇ ਹੋਰ ਕੋਸਟਲ ਰੈਗੂਲੇਸ਼ਨ ਨਾਲ ਜੁਡ਼ੀਆਂ ਮਨਜ਼ੂਰੀਆਂ ਮਿਲ ਚੁੱਕੀਆਂ ਹਨ। ਅਜਿਹੇ ’ਚ ਹੁਣ ਉਹ ਇਸ ਪਲਾਨ ’ਤੇ ਅੱਗੇ ਵਧ ਸਕਦਾ ਹੈ। ਹਾਲਾਂਕਿ ਇਸ ’ਤੇ ਅਜੇ ਅਡਾਨੀ ਗਰੁੱਪ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਦੁਨੀਆ ਨੂੰ 50,000 ਸਮੁੰਦਰੀ ਜਹਾਜ਼ਾਂ ਦੀ ਜ਼ਰੂਰਤ

ਅਡਾਨੀ ਗਰੁੱਪ ਦੇ ਸ਼ਿਪ ਬਿਲਡਿੰਗ ਬਿਜ਼ਨੈੱਸ ਸ਼ੁਰੂ ਕਰਨ ਦੀ ਖਬਰ ਅਜਿਹੇ ਸਮੇਂ ਆਈ ਹੈ, ਜਦੋਂ ਪੂਰੀ ਦੁਨੀਆ ਕਾਰਬਨ ਫੁਟਪ੍ਰਿੰਟ ਘੱਟ ਕਰਨ ਲਈ ਹੁਣ ਗ੍ਰੀਨ ਜਹਾਜ਼ਾਂ ਵੱਲ ਰੁਖ਼ ਕਰ ਰਹੀ ਹੈ। ਇਸ ਨਾਲ ਪੂਰੀ ਦੁਨੀਆ ’ਚ ਸਮੁੰਦਰੀ ਜਹਾਜ਼ੀ ਬੇੜੇ ਨੂੰ ਬਦਲਿਆ ਜਾਣਾ ਹੈ ਅਤੇ ਪੂਰੀ ਦੁਨੀਆ ਦੇ ਸਮੁੰਦਰੀ ਜਹਾਜ਼ਾਂ ਨੂੰ ਬਦਲਣ ਲਈ ਅਗਲੇ 30 ਸਾਲਾਂ ’ਚ ਲੱਗਭਗ 50,000 ਸਮੁੰਦਰੀ ਜਹਾਜ਼ਾਂ ਦੀ ਸਪਲਾਈ ਕਰਨੀ ਹੋਵੇਗੀ।

ਭਾਰਤ ’ਚ ਅਜੇ ਸਮੁੰਦਰੀ ਜਹਾਜ਼ ਬਣਾਉਣ ਲਈ ਸਰਕਾਰੀ 8 ਅਤੇ ਪ੍ਰਾਈਵੇਟ ਲੱਗਭਗ 20 ਸ਼ਿਪਯਾਰਡ ਹਨ। ਇਨ੍ਹਾਂ ’ਚ ਲਾਰਸਨ ਐਂਡ ਟੁਬਰੋ ਦਾ ਚੇਨਈ ਕੋਲ ਕੱਟੂਪਾਲੀ ਸ਼ਿਪਯਾਰਡ ਅਤੇ ਸਰਕਾਰ ਦਾ ਕੋਚੀਨ ਸ਼ਿਪਯਾਰਡ ਸ਼ਾਮਲ ਹੈ।


author

Rakesh

Content Editor

Related News