100 ਅਰਬ ਡਾਲਰ ਕਲੱਬ 'ਚ ਸ਼ਾਮਲ ਹੋਏ ਗੌਤਮ ਅਡਾਨੀ, ਮੁਕੇਸ਼ ਅੰਬਾਨੀ ਨੂੰ ਛੱਡਿਆ ਪਿੱਛੇ
Saturday, Apr 02, 2022 - 05:56 PM (IST)
 
            
            ਮੁੰਬਈ - ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇਕ ਵਾਰ ਫਿਰ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਬਣ ਗਏ ਹਨ। ਉਸ ਨੇ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਅਨੁਸਾਰ ਇਸ ਸਾਲ ਉਸਦੀ ਕੁੱਲ ਜਾਇਦਾਦ 23.5 ਅਰਬ ਡਾਲਰ ਤੱਕ ਵਧ ਗਈ ਹੈ ਅਤੇ ਉਹ 100 ਬਿਲੀਅਨ ਕਲੱਬ ਵਿੱਚ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਉਸ ਦੀ ਕੁਲ ਜਾਇਦਾਦ 2.44 ਅਰਬ ਡਾਲਰ ਭਾਵ 18,532 ਕਰੋੜ ਰੁਪਏ ਵਧ ਗਈ।
ਇਹ ਵੀ ਪੜ੍ਹੋ : ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਖ਼ਪਤਕਾਰਾਂ ਨੂੰ ਵੱਡਾ ਝਟਕਾ, 250 ਰੁਪਏ ਮਹਿੰਗਾ ਹੋਇਆ ਸਿਲੰਡਰ
ਅਡਾਨੀ ਸਮੂਹ ਦੇ ਸ਼ੇਅਰਾਂ ਨੇ ਇਸ ਸਾਲ ਬਹੁਤ ਜ਼ਿਆਦਾ ਵਾਧਾ ਦੇਖਿਆ ਹੈ ਅਤੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਦੁਨੀਆ ਦੇ ਕਿਸੇ ਵੀ ਅਮੀਰ ਦੇ ਮੁਕਾਬਲੇ ਜ਼ਿਆਦਾ ਕਮਾਈ ਕੀਤੀ ਹੈ। ਅਡਾਨੀ ਦੀ ਕੁੱਲ ਜਾਇਦਾਦ ਇਸ ਸਾਲ 31 ਮਾਰਚ ਤੱਕ 27% ਵਧ ਗਈ ਹੈ। ਸ਼ੁੱਕਰਵਾਰ ਨੂੰ ਉਸ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ। ਅਡਾਨੀ ਗ੍ਰੀਨ ਐਨਰਜੀ 1.49 ਫੀਸਦੀ, ਅਡਾਨੀ ਟਰਾਂਸਪੋਰਟ 2.32 ਫੀਸਦੀ, ਅਡਾਨੀ ਟੋਟਲ ਗੈਸ 4.78 ਫੀਸਦੀ, ਅਡਾਨੀ ਇੰਟਰਪ੍ਰਾਈਜਿਜ਼ 1.42 ਫੀਸਦੀ, ਅਡਾਨੀ ਪਾਵਰ 9.92 ਫੀਸਦੀ, ਅਡਾਨੀ ਵਿਲਮਾਰ ਪੰਜ ਫੀਸਦੀ ਅਤੇ ਅਡਾਨੀ ਪੋਰਟਸ 1.50 ਫੀਸਦੀ ਵਧੇ।
ਅਡਾਨੀ ਟਾਪ 10 'ਚ
ਇਸ ਦੇ ਨਾਲ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ 10ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਮੁਕੇਸ਼ ਅੰਬਾਨੀ ਦਾ ਕਬਜ਼ਾ ਸੀ। ਸ਼ੁੱਕਰਵਾਰ ਨੂੰ ਅੰਬਾਨੀ ਦੀ ਸੰਪਤੀ 79 ਕਰੋੜ ਡਾਲਰ ਵਧੀ ਅਤੇ ਉਹ 99 ਅਰਬ ਡਾਲਰ ਦੀ ਨੈਟਵਰਥ ਨਾਲ 11ਵੇਂ ਨੰਬਰ 'ਤੇ ਖਿਸਕ ਗਏ। ਅੰਬਾਨੀ ਦੀ ਕੁੱਲ ਜਾਇਦਾਦ ਇਸ ਸਾਲ 9.03 ਅਰਬ ਡਾਲਰ ਵਧੀ ਹੈ। ਹਾਲਾਂਕਿ ਅਡਾਨੀ ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਵਿੱਚ ਅੰਬਾਨੀ ਨੂੰ ਪਹਿਲਾਂ ਹੀ ਪਛਾੜ ਚੁੱਕੇ ਹਨ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਰਹੇ ਨੇ ਲੈਣ-ਦੇਣ ਨਾਲ ਜੁੜੇ ਇਹ ਅਹਿਮ ਨਿਯਮ, ਆਮ ਆਦਮੀ 'ਤੇ ਪਵੇਗਾ ਅਸਰ
ਇਸ ਦੌਰਾਨ, ਦੁਨੀਆ ਦੇ ਸਭ ਤੋਂ ਵੱਡੇ ਅਮੀਰ ਏਲੋਨ ਮਸਕ 273 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਸਿਖਰ 'ਤੇ ਬਣੇ ਹੋਏ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ 188 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ। ਫ੍ਰੈਂਚ ਕਾਰੋਬਾਰੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਲਗਜ਼ਰੀ ਸਮਾਨ ਕੰਪਨੀ LVMH ਮੋਏਟ ਹੈਨੇਸੀ ਦੇ ਬਰਨਾਰਡ ਅਰਨੌਲਟ (148 ਅਰਬ ਡਾਲਰ) ਇਸ ਸੂਚੀ ਵਿੱਚ ਤੀਜੇ ਸਥਾਨ 'ਤੇ ਹਨ ਅਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ (133 ਅਰਬ ਡਾਲਰ) ਚੌਥੇ ਨੰਬਰ 'ਤੇ ਹਨ।
ਟਾਪ 10 ਅਮੀਰ
ਉੱਘੇ ਨਿਵੇਸ਼ਕ ਵਾਰੇਨ ਬਫੇਟ 127 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਪੰਜਵੇਂ, ਅਮਰੀਕੀ ਕੰਪਿਊਟਰ ਵਿਗਿਆਨੀ ਅਤੇ ਇੰਟਰਨੈਟ ਉੱਦਮੀ ਲੈਰੀ ਪੇਜ 125 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਛੇਵੇਂ ਨੰਬਰ 'ਤੇ ਹਨ। ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ 117 ਅਰਬ ਡਾਲਰ ਦੇ ਨਾਲ ਸੱਤਵੇਂ, ਅਮਰੀਕੀ ਕਾਰੋਬਾਰੀ ਅਤੇ ਨਿਵੇਸ਼ਕ ਸਟੀਵ ਬਾਲਮਰ 108 ਅਰਬ ਡਾਲਰ ਦੇ ਨਾਲ ਅੱਠਵੇਂ ਅਤੇ ਲੈਰੀ ਐਲੀਸਨ 103 ਅਰਬ ਡਾਲਰ ਦੀ ਸੰਪਤੀ ਨਾਲ ਨੌਵੇਂ ਸਥਾਨ 'ਤੇ ਹਨ। ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ 85.1 ਬਿਲੀਅਨ ਦੀ ਸੰਪਤੀ ਨਾਲ 12ਵੇਂ ਨੰਬਰ 'ਤੇ ਹਨ।
ਇਹ ਵੀ ਪੜ੍ਹੋ : ਤੰਬਾਕੂ-ਸਿਗਰਟ ਦਾ ਇਸਤੇਮਾਲ ਕਰਨ ਵਾਲਿਆਂ ਉੱਤੇ ਅੱਜ ਤੋਂ ਵਧੇਗਾ ਮਹਿੰਗਾਈ ਦਾ ਬੋਝ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            