ਗਡਕਰੀ ਨੇ ਏਅਰਬੈਗ ਨੂੰ ਲੈ ਕੇ ਆਟੋਮੋਬਾਇਲ ਕੰਪਨੀਆਂ ਨੂੰ ਕੀਤਾ ਤਿੱਖਾ ਸਵਾਲ
Monday, Sep 20, 2021 - 10:36 AM (IST)
ਨਵੀਂ ਦਿੱਲੀ- ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਛੋਟੀਆਂ ਕਾਰਾਂ ’ਚ ਵੀ ਸੁਰੱਖਿਆ ਦੀ ਨਜ਼ਰ ਨਾਲ ਲੋੜੀਂਦੀ ਗਿਣਤੀ ’ਚ ਏਅਰਬੈਗ ਹੋਣ ਚਾਹੀਦਾ ਹੈ। ਆਮ ਤੌਰ ’ਤੇ ਛੋਟੀਆਂ ਕਾਰਾਂ ਦੀ ਖਰੀਦ ਘੱਟ ਆਮਦਨ ਵਰਗ ਵਾਲੇ ਮਧਵਰਗੀ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਗਡਕਰੀ ਨੇ ਆਟੋਮੋਬਾਇਲ ਕੰਪਨੀਆਂ ਨੂੰ ਸਵਾਲ ਕੀਤਾ ਕਿ ਉਹ ਸਿਰਫ ਅਮੀਰ ਲੋਕਾਂ ਵੱਲੋਂ ਖਰੀਦੀਆਂ ਜਾਣ ਵਾਲੀਆਂ ਵੱਡੀਆਂ ਕਾਰਾਂ ’ਚ ਹੀ 8 ਏਅਰਬੈਗ ਮੁਹੱਈਆ ਕਰਾਉਂਦੀਆਂ ਹਨ ਪਰ ਗਰੀਬਾਂ ਦੀ ਗੱਡੀ ’ਚ 2-3 ਕਿਉਂ?
ਗਡਕਰੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਛੋਟੀਆਂ ਸਸਤੀਆਂ ਕਾਰਾਂ ’ਚ ਜ਼ਿਆਦਾ ਏਅਰਬੈਗ ਦੀ ਅਪੀਲ ਉਹ ਸੁਰੱਖਿਆ ਯਕੀਨੀ ਕਰਨ ਲਈ ਕਰ ਰਹੇ ਹਨ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮਾਂ ਆਇਆ ਹੈ ਜਦੋਂ ਵਾਹਨ ਉਦਯੋਗ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਕਿ ਉੱਚੇ ਟੈਕਸੇਸ਼ਨ ਅਤੇ ਸਖ਼ਤ ਸੁਰੱਖਿਆ ਅਤੇ ਨਿਕਾਸੀ ਨਿਯਮਾਂ ਦੀ ਵਜ੍ਹਾ ਨਾਲ ਉਨ੍ਹਾਂ ਦੇ ਉਤਪਾਦ ਮਹਿੰਗੇ ਹੋ ਗਏ ਹਨ। ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਵਾਧੂ ਏਅਰਬੈਗ ਨਾਲ ਛੋਟੀਆਂ ਕਾਰਾਂ ਦੀ ਲਾਗਤ ਘੱਟ ਤੋਂ ਘੱਟ 3,000 ਤੋਂ 4,000 ਰੁਪਏ ਵਧ ਜਾਵੇਗੀ। ਉਨ੍ਹਾਂ ਨੇ ਕਿਹਾ, ‘‘ਸਾਡੇ ਦੇਸ਼ ’ਚ ਗਰੀਬਾਂ ਨੂੰ ਵੀ ਪੂਰੀ ਸੁਰੱਖਿਆ ਮਿਲਣੀ ਚਾਹੀਦੀ ਹੈ।’’
ਸਾਰੀਆਂ ਕਾਰਾਂ ’ਚ ਹੋਣ ਘੱਟ ਤੋਂ ਘੱਟ 6 ਏਅਰਬੈਗ
ਗਡਕਰੀ ਨੇ ਕਿਹਾ, ‘‘ਛੋਟੀਆਂ ਕਾਰਾਂ ਦੀ ਖਰੀਦ ਹੇਠਲੀ-ਮੱਧ ਆਮਦਨ ਵਰਗ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਜੇਕਰ ਉਨ੍ਹਾਂ ਦੀਆਂ ਕਾਰਾਂ ’ਚ ਏਅਰਬੈਗ ਨਹੀਂ ਹੋਵੇਗਾ, ਤਾਂ ਦੁਰਘਟਨਾ ਦੀ ਸਥਿਤੀ ’ਚ ਉਨ੍ਹਾਂ ਦੀ ਜਾਨ ਜਾ ਸਕਦੀ ਹੈ। ਅਜਿਹੇ ’ਚ ਮੈਂ ਸਾਰੇ ਕਾਰ ਨਿਰਮਾਤਾਵਾਂ ਨੂੰ ਅਪੀਲ ਕਰਾਂਗਾ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਵੇਰੀਅੰਟ ’ਚ ਘੱਟ ਤੋਂ ਘੱਟ 6 ਏਅਰਬੈਗ ਮੁਹੱਈਆ ਕਰਾਉਣ।’’