ਜੁਲਾਈ ''ਚ ਈਂਧਣ ਦੀ ਮੰਗ ਵਧੀ, ਕੋਵਿਡ ਤੋਂ ਪਹਿਲਾਂ ਦੇ ਪੱਧਰ ''ਤੇ ਪੈਟਰੋਲ ਦੀ ਖਪਤ
Sunday, Aug 01, 2021 - 06:23 PM (IST)
ਨਵੀਂ ਦਿੱਲੀ- ਕੋਵਿਡ-19 ਦੀ ਦੂਜੀ ਲਹਿਰ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦੇਣ ਨਾਲ ਜੁਲਾਈ ਮਹੀਨੇ ਦੌਰਾਨ ਦੇਸ਼ ਵਿਚ ਈਂਧਣ ਦੀ ਮੰਗ ਵਧੀ ਹੈ ਅਤੇ ਪੈਟਰੋਲ ਦੀ ਖਪਤ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੇ ਪਹੁੰਚ ਗਈ ਹੈ।
ਐਤਵਾਰ ਨੂੰ ਜਾਰੀ ਕੀਤੇ ਗਏ ਸ਼ੁਰੂਆਤੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੇ ਜੁਲਾਈ 2021 ਵਿਚ 23.7 ਲੱਖ ਟਨ ਪੈਟਰੋਲ ਵੇਚਿਆ, ਜੋ ਕਿ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 17 ਫ਼ੀਸਦੀ ਜ਼ਿਆਦਾ ਹੈ। ਉੱਥੇ ਹੀ, ਜੁਲਾਈ 2019 ਵਿਚ ਪੈਟਰੋਲ ਦੀ ਵਿਕਰੀ 23.9 ਲੱਖ ਟਨ ਰਹੀ ਸੀ।
ਡੀਜ਼ਲ ਦੀ ਵਿਕਰੀ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ 12.36 ਫ਼ੀਸਦ ਵੱਧ ਕੇ 54.5 ਲੱਖ ਟਨ ਹੋ ਗਈ। ਹਾਲਾਂਕਿ, ਇਹ ਜੁਲਾਈ, 2019 ਦੇ ਮੁਕਾਬਲੇ 10.9 ਫ਼ੀਸਦੀ ਘੱਟ ਹੈ। ਮਾਰਚ ਤੋਂ ਬਾਅਦ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਦੇਸ਼ ਵਿਚ ਈਂਧਣ ਦੀ ਖਪਤ ਵਧੀ ਹੈ। ਮਾਰਚ 2021 ਵਿਚ ਈਂਧਣ ਦੀ ਮੰਗ ਆਮ ਹੋਣ ਦੇ ਨੇੜੇ ਸੀ ਪਰ ਕੋਵਿਡ ਦੀ ਦੂਜੀ ਲਹਿਰ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਨਾਲ ਈਂਧਣ ਦੀ ਵਿਕਰੀ ਪ੍ਰਭਾਵਿਤ ਹੋਈ। ਭਾਰਤ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਐੱਸ. ਐੱਮ. ਵੈਦ ਮੁਤਾਬਕ, ਡੀਜ਼ਲ ਦੀ ਮੰਗ ਨਵੰਬਰ ਵਿੱਚ ਦੀਵਾਲੀ ਦੇ ਆਸ-ਪਾਸ ਕੋਵਿਡ -19 ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚਣ ਦੀ ਉਮੀਦ ਹੈ ਪਰ ਇਹ ਤਾਂ ਹੀ ਸੰਭਵ ਹੈ ਜੇ ਮਹਾਮਾਰੀ ਦੀ ਸੰਭਾਵਤ ਤੀਜੀ ਲਹਿਰ ਦੇ ਦੌਰਾਨ ਪਾਬੰਦੀਆਂ ਨਾ ਲਗਾਈਆਂ ਜਾਣ।