ਬੁਲੇਟ ਬਣਾਉਣ ਵਾਲੀ Royal Enfield 'ਚ ਅਸਤੀਫਿਆਂ ਦੀ ਝੜੀ ਦਾ ਖਦਸ਼ਾ
Monday, Sep 20, 2021 - 02:48 PM (IST)
ਨਵੀਂ ਦਿੱਲੀ- ਬੁਲੇਟ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਰਾਇਲ ਐਨਫੀਲਡ ਵਿਚ ਸਭ ਕੁਝ ਠੀਕ ਨਹੀਂ ਹੈ। ਸੀ. ਈ. ਓ. ਵਿਨੋਦ ਦਸਾਰੀ ਦੇ ਅਸਤੀਫੇ ਪਿੱਛੋਂ ਹੁਣ ਉੱਚ ਪੱਧਰ ਦੇ ਹੋਰ ਵੀ ਅਧਿਕਾਰੀ ਕੰਪਨੀ ਨੂੰ ਅਲਵਿਦਾ ਕਹਿ ਸਕਦੇ ਹਨ। ਰਾਇਲ ਐਨਫੀਲਡ ਆਇਸ਼ਰ ਮੋਟਰਜ਼ ਦੀ ਇਕ ਡਿਵਿਜ਼ਨ ਹੈ। ਸੂਤਰਾਂ ਮੁਤਾਬਕ, ਆਇਸ਼ਰ ਮੋਟਰਜ਼ ਦੇ ਪ੍ਰਬੰਧਕ ਨਿਰਦੇਸ਼ਕ ਸਿਧਾਰਥ ਲਾਲ ਦੇ ਨਜ਼ਦੀਕੀ ਅਤੇ ਰਾਇਲ ਐਨਫੀਲਡ ਵਿਚ ਚੀਫ ਕਮਰਸ਼ਲ ਅਧਿਕਾਰੀ ਲਲਿਤ ਮਲਿਕ ਅਸਤੀਫਾ ਦੇ ਚੁੱਕੇ ਹਨ।
ਇੰਟਰਸੈਪਟਰ, ਥੰਡਰਬਰਡ ਐਕਸ, ਮੀਟੀਆਰ ਅਤੇ ਆਲ ਨਿਊ ਕਲਾਸਿਕ ਮੋਟਰਸਾਈਕਲਾਂ ਵਰਗੇ ਅਹਿਮ ਮਾਡਲਾਂ ਦੇ ਸਫਲ ਲਾਂਚ ਵਿਚ ਮੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਗਲੋਬਲ ਮਾਰਕੀਟਿੰਗ ਮੁਖੀ ਸ਼ੁਭਾਂਸ਼ੂ ਸਿੰਘ ਵੀ ਨੋਟਿਸ ਮਿਆਦ 'ਤੇ ਚੱਲ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਉਹ ਕਿਸੇ ਹੋਰ ਕੰਪਨੀ ਵਿਚ ਵੱਡਾ ਅਹੁਦਾ ਸੰਭਾਲਣ ਜਾ ਰਹੇ ਹਨ। ਕੰਪਨੀ ਇਨ੍ਹਾਂ ਦੋਹਾਂ ਅਧਿਕਾਰੀਆਂ ਨੂੰ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਇਸ ਬਾਰੇ ਵਿਚ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ 'ਤੇ ਕੋਈ ਟਿਪਣੀ ਨਹੀਂ ਕਰ ਸਕਦੇ। ਕੰਪਨੀ ਇਸ ਤਰ੍ਹਾਂ ਦੀ ਅਟਲਕਬਾਜੀ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੰਦੀ ਹੈ। ਇਹ ਕੰਪਨੀ ਦੀ ਨੀਤੀ ਹੈ। ਇਕ ਤੋਂ ਬਾਅਦ ਇਕ ਅਸਤੀਫਿਆਂ ਨਾਲ ਆਇਸ਼ਰ ਮੋਟਰਜ਼ ਦੇ ਐੱਮ. ਡੀ. ਸਿਧਾਰਥ ਲਾਲ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਘਟਦੀ ਵਿਕਰੀ ਨੂੰ ਰੋਕਣ ਲਈ ਕੰਪਨੀ ਆਪਣੀ ਨਵੀਂ ਪ੍ਰੀਮੀਅਮ ਬਾਈਕਲ ਦੇ ਲਾਂਚ ਦੀ ਤਿਆਰੀ ਕਰ ਰਹੀ ਹੈ ਪਰ ਅਜਿਹੇ ਅਹਿਮ ਸਮੇਂ ਵਿਚ ਕੰਪਨੀ ਦੀ ਵਿਕਰੀ ਅਤੇ ਮਾਰਕੀਟਿੰਗ ਵਿਭਾਗ ਦੇ ਅਹਿਮ ਅਧਿਕਾਰੀ ਕੰਪਨੀ ਛੱਡ ਰਹੇ ਹਨ।