ਐੱਫ. ਪੀ. ਆਈ. ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰਾਂ ’ਚੋਂ 26,533 ਕਰੋੜ ਰੁਪਏ ਕੱਢੇ

Monday, Nov 25, 2024 - 05:27 PM (IST)

ਐੱਫ. ਪੀ. ਆਈ. ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰਾਂ ’ਚੋਂ 26,533 ਕਰੋੜ ਰੁਪਏ ਕੱਢੇ

ਨਵੀਂ ਦਿੱਲੀ, (ਭਾਸ਼ਾ)- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ’ਚੋਂ 26,533 ਕਰੋੜ ਰੁਪਏ ਕੱਢੇ ਹਨ। ਕੰਪਨੀਆਂ ਦੇ ਕਮਜ਼ੋਰ ਤਿਮਾਹੀ ਨਤੀਜਿਆਂ ਅਤੇ ਘਰੇਲੂ ਸ਼ੇਅਰਾਂ ਦੇ ਉੱਚੇ ਮੁਲਾਂਕਣ ਦੀ ਵਜ੍ਹਾ ਨਾਲ ਐੱਫ. ਪੀ. ਆਈ. ਚੀਨ ਦੇ ਬਾਜ਼ਾਰ ’ਚ ਨਿਵੇਸ਼ ਕਰ ਰਹੇ ਹਨ। ਇਸ ਦੌਰਾਨ ਉਹ ਭਾਰਤੀ ਬਾਜ਼ਾਰ ’ਚ ਲਗਾਤਾਰ ਬਿਕਵਾਲ ਬਣੇ ਹੋਏ ਹਨ। ਹਾਲਾਂਕਿ, ਐੱਫ. ਪੀ. ਆਈ. ਦੀ ਬਿਕਵਾਲੀ ਜਾਰੀ ਹੈ ਪਰ ਅਕਤੂਬਰ ਦੀ ਤੁਲਣਾ ’ਚ ਉਨ੍ਹਾਂ ਦੀ ਸ਼ੁੱਧ ਨਿਕਾਸੀ ’ਚ ਕਾਫੀ ਕਮੀ ਆਈ ਹੈ।

ਐੱਫ. ਪੀ. ਆਈ. ਨੇ ਅਕਤੂਬਰ ’ਚ ਭਾਰਤੀ ਬਾਜ਼ਾਰ ’ਚੋਂ ਸ਼ੁੱਧ ਰੂਪ ਨਾਲ 94,017 ਕਰੋੜ ਰੁਪਏ (11.2 ਅਰਬ ਡਾਲਰ) ਕੱਢੇ ਸਨ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਇਸ ਤਾਜ਼ਾ ਨਿਕਾਸੀ ਤੋਂ ਬਾਅਦ 2024 ’ਚ ਹੁਣ ਤੱਕ ਵਿਦੇਸ਼ੀ ਨਿਵੇਸ਼ਕ ਭਾਰਤੀ ਸ਼ੇਅਰ ਬਾਜ਼ਾਰ ਤੋਂ ਸ਼ੁੱਧ ਰੂਪ ਨਾਲ 19,940 ਕਰੋੜ ਰੁਪਏ ਕੱਢ ਚੁੱਕੇ ਹਨ। ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ ਜਾਂਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਅੱਗੇ ਚੱਲ ਕੇ ਭਾਰਤੀ ਸ਼ੇਅਰ ਬਾਜ਼ਾਰ ’ਚ ਵਿਦੇਸ਼ੀ ਨਿਵੇਸ਼ਕਾਂ ਦਾ ਪ੍ਰਵਾਹ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ’ਤੇ ਨਿਰਭਰ ਕਰੇਗਾ।

ਇਸ ਤੋਂ ਇਲਾਵਾ ਮਹਿੰਗਾਈ ਅਤੇ ਨੀਤੀਗਤ ਦਰ ਵੀ ਵਿਦੇਸ਼ੀ ਨਿਵੇਸ਼ਕਾਂ ਦੇ ਰੁਖ ਲਈ ਮਹੱਤਵਪੂਰਨ ਹੋਵੇਗੀ। ਸ਼੍ਰੀਵਾਸਤਵ ਨੇ ਕਿਹਾ ਕਿ ਐੱਫ. ਪੀ. ਆਈ. ਦੀ ਦਿਸ਼ਾ ਲਈ ਕੰਪਨੀਆਂ ਦੇ ਤੀਜੀ ਤਿਮਾਹੀ ਦੇ ਨਤੀਜੇ ਅਤੇ ਭੂ- ਰਾਜਨੀਤਕ ਘਟਨਾਕ੍ਰਮ ਵੀ ਮਹੱਤਵਪੂਰਨ ਰਹਿਣਗੇ। ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ ਇਸ ਮਹੀਨੇ ਹੁਣ ਤੱਕ ਯਾਨੀ 22 ਨਵੰਬਰ ਤੱਕ ਸ਼ੇਅਰਾਂ ਤੋਂ ਸ਼ੁੱਧ ਰੂਪ ਨਾਲ 26,533 ਕਰੋੜ ਰੁਪਏ ਕੱਢੇ ਹਨ, ਉਥੇ ਹੀ ਅਕਤੂਬਰ ’ਚ ਉਨ੍ਹਾਂ ਨੇ 94,017 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ, ਜੋ ਕਿਸੇ ਇਕ ਮਹੀਨੇ ’ਚ ਉਨ੍ਹਾਂ ਦੀ ਨਿਕਾਸੀ ਦਾ ਸਭ ਤੋਂ ਉੱਚਾ ਅੰਕੜਾ ਸੀ। ਸਤੰਬਰ ’ਚ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰ ’ਚ 57,724 ਕਰੋੜ ਰੁਪਏ ਪਾਏ ਸਨ, ਜੋ ਉਨ੍ਹਾਂ ਦੇ ਨਿਵੇਸ਼ ਦਾ 9 ਮਹੀਨਿਆਂ ਦਾ ਉੱਚਾ ਪੱਧਰ ਸੀ।

ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤੀ ਸ਼ੇਅਰਾਂ ਦੇ ਉੱਚੇ ਮੁਲਾਂਕਣ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ, ਜਿਸ ਨਾਲ ਐੱਫ. ਪੀ. ਆਈ. ਆਪਣਾ ਰੁਖ ਜ਼ਿਆਦਾ ਆਕਰਸ਼ਕ ਮੁਲਾਂਕਣ ਵਾਲੇ ਬਾਜ਼ਾਰਾਂ ਵੱਲ ਕਰ ਰਹੇ ਹਨ। ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ ਇਸ ਮਹੀਨੇ ਹੁਣ ਤੱਕ ਬਾਂਡ ਤੋਂ ਆਮ ਹੱਦ ਤਹਿਤ 1,110 ਕਰੋੜ ਰੁਪਏ ਕੱਢੇ ਹਨ, ਉਥੇ ਹੀ ਉਨ੍ਹਾਂ ਨੇ ਸਵੈ-ਇੱਛਤ ਧਾਰਨ ਰੂਟ (ਵੀ. ਆਰ. ਆਰ.) ਤੋਂ 872 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕੁਲ ਮਿਲਾ ਕੇ ਇਸ ਸਾਲ ਹੁਣ ਤੱਕ ਐੱਫ. ਪੀ. ਆਈ. ਨੇ ਬਾਂਡ ਬਾਜ਼ਾਰ ’ਚ 1.05 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ।


author

Rakesh

Content Editor

Related News