FPIs ਨੇ ਜੂਨ ''ਚ ਹੁਣ ਤੱਕ ਭਾਰਤੀ ਬਾਜ਼ਾਰਾਂ ''ਚ ਕੀਤਾ 12,714 ਕਰੋੜ ਦਾ ਨਿਵੇਸ਼
Sunday, Jun 27, 2021 - 01:48 PM (IST)
ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜੂਨ ਵਿਚ ਹੁਣ ਤੱਕ ਭਾਰਤੀ ਬਾਜ਼ਾਰਾਂ ਵਿਚ 12,714 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਉੱਥੇ ਹੀ, ਇਸ ਤੋਂ ਪਿਛਲੇ ਦੋ ਮਹੀਨਿਆਂ ਦੌਰਾਨ ਐੱਫ. ਪੀ. ਆਈ. ਸ਼ੁੱਧ ਵਿਕਰੇਤਾ ਬਣੇ ਰਹੇ ਸਨ। ਮਈ ਵਿਚ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ ਵਿਚੋਂ 2,666 ਕਰੋੜ ਰੁਪਏ ਅਤੇ ਅਪ੍ਰੈਲ ਵਿਚ 9,435 ਕਰੋੜ ਰੁਪਏ ਕੱਢੇ ਸਨ।
ਡਿਪਾਜ਼ਟਰੀ ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ ਜੂਨ 1-25 ਦੌਰਾਨ 15,282 ਕਰੋੜ ਰੁਪਏ ਦੀ ਇਕੁਇਟੀ ਵਿਚ ਨਿਵੇਸ਼ ਕੀਤੇ। ਇਸ ਦੌਰਾਨ ਉਨ੍ਹਾਂ ਨੇ ਬਾਂਡ ਬਾਜ਼ਾਰ ਵਿਚੋਂ 2,568 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਉਨ੍ਹਾਂ ਦਾ ਸ਼ੁੱਧ ਨਿਵੇਸ਼ 12,714 ਕਰੋੜ ਰੁਪਏ ਰਿਹਾ। ਬਜਾਜ ਕੈਪੀਟਲ ਦੇ ਸੰਯੁਕਤ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੰਜੀਵ ਬਜਾਜ ਨੇ ਕਿਹਾ ਕਿ ਅਨੁਕੂਲ ਗਲੋਬਲ ਸੰਕੇਤਾਂ ਤੇ ਭਾਰਤੀ ਆਰਥਿਕਤਾ ਦੇ ਨਜ਼ਰੀਏ ਵਿਚ ਸੁਧਾਰ ਦੇ ਮੱਦੇਨਜ਼ਰ ਜੂਨ ਵਿਚ ਭਾਰਤੀ ਬਾਜ਼ਾਰਾਂ ਵਿਚ ਨਿਵੇਸ਼ ਦਾ ਰੁਝਾਨ ਵਧਿਆ ਹੈ। ਇਸ ਤੋਂ ਇਲਾਵਾ ਕੋਵਿਡ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ ਅਤੇ ਟੀਕਾਕਰਨ ਦੀ ਰਫ਼ਤਾਰ ਵਧੀ ਹੈ।
ਕੋਟਕ ਸਕਿਓਰਿਟੀਜ਼ ਦੇ ਕਾਰਜਕਾਰੀ ਉਪ ਮੁਖੀ (ਇਕੁਇਟੀ ਤਕਨੀਕੀ ਰਿਸਰਚ) ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਕੁੱਲ ਮਿਲਾ ਕੇ ਇਸ ਹਫ਼ਤੇ ਐੱਮ. ਐੱਸ. ਸੀ. ਆਈ. ਇਮਰਜਿੰਗ ਮਾਰਕੀਟ ਇੰਡੈਕਸ ਤਕਰੀਬਨ 1.49 ਫ਼ੀਸਦੀ ਵਧਿਆ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਅੱਜ ਦੀ ਤਾਰੀਖ਼ ਤੱਕ ਭਾਰਤ ਅਤੇ ਇੰਡੋਨੇਸ਼ੀਆ ਨੂੰ ਛੱਡ ਕੇ ਹੋਰ ਉਭਰਦੇ ਬਾਜ਼ਾਰਾਂ ਤੇ ਏਸ਼ੀਆਈ ਬਾਜ਼ਾਰਾਂ ਵਿਚ ਐੱਫ. ਪੀ. ਆਈ. ਨੇ ਨਿਕਾਸੀ ਕੀਤੀ ਹੈ।