ਆਈਫੋਨ ਨਿਰਮਾਤਾ Foxconn ਭਾਰਤ ’ਚ ਬਣਾਏਗੀ ਚਿੱਪ, Vedanta ਨਾਲ ਹੋਈ ਸਾਂਝੇਦਾਰੀ
Tuesday, Feb 15, 2022 - 02:37 PM (IST)
 
            
            ਗੈਜੇਟ ਡੈਸਕ– ਗਲੋਬਲ ਪੱਧਰ ’ਤੇ ਚਿੱਪ ਦੀ ਘਾਟ ਦੇ ਚਲਦੇ ਭਾਰਤ ’ਚ ਤਾਈਵਾਨ ਦੀ ਆਈਫੋਨ ਨਿਰਮਾਤਾ ਕੰਪਨੀ ਫਾਕਸਕੋਨ ਨੇ ਵੇਦਾਂਤਾ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਸਾਂਝੇਦਾਰੀ ਤਹਿਤ ਦੋਵੇਂ ਕੰਪਨੀਆਂ ਭਾਰਤ ’ਚ ਹੀ ਚਿੱਪ ਦਾ ਪ੍ਰੋਡਕਸ਼ਨ ਕਰਨਗੀਆਂ। ਦੱਸ ਦੇਈਏ ਕਿ ਫਾਕਸਕੋਨ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਕਾਨਟ੍ਰੈਕਟਰ ਕੰਪਨੀ ਹੈ ਜੋ ਕਿ ਐਪਲ ਦੀ ਪ੍ਰਮੁੱਖ ਸਪਲਾਇਰ ਵੀ ਹੈ। ਪਿਛਲੇ ਕੁਝ ਸਾਲਾਂ ’ਚ ਕੰਪਨੀ ਨੇ ਇਲੈਕਟਰਿਕ ਵਾਹਨ (EVs) ਅਤੇ ਸੈਮੀਕੰਡਕਟਰ ਵਰਗੇ ਖੇਤਰਾਂ ’ਚ ਆਪਣਾ ਦਾਇਰਾ ਵਧਾਇਆ ਹੈ।
ਫਾਕਸਕਾਨ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਵੇਦਾਂਤਾ ਗਰੁੱਪ ਦੇ ਨਾਲ ਸਮਝੌਤੇ ’ਤੇ ਹਸਤਾਖਰ ਕੀਤੇ ਹਨ, ਤਾਂ ਜੋ ਭਾਰਤ ’ਚ ਚਿੱਪ ਬਣਾਈ ਜਾ ਸਕੇ। ਕੰਪਨੀ ਨੇ ਭਾਰਤ ’ਚ ਇਲੈਕਟ੍ਰੋਨਿਕਸ ਦੇ ਘਰੇਲੂ ਨਿਰਮਾਣ ਲਈ ਇਕ ਮਹੱਤਵਪੂਰਨ ਕਦਮ ਦੱਸਿਆ ਹੈ। ਫਾਕਸਕੋਨ ਇਸ ਜਾਇੰਟ ਵੈਂਚਰ ਸਥਾਪਿਤ ਕਰਨ ਲਈ 118.7 ਮਿਲੀਅਨ ਡਾਲਰ (ਕਰੀਬ 900 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ। ਇਸ ਸਾਂਝੇਦਾਰੀ ਤਹਿਤ ਫਾਕਸਕੋਨ ਕੋਲ 40 ਫੀਸਦੀ ਹਿੱਸੇਦਾਰੀ ਹੋਵੇਗੀ।
ਕੰਪਨੀ ਨੇ ਕਿਹਾ ਕਿ ਦੋਵਾਂ ਕੰਪਨੀਆਂ ਵਿਚਕਾਰ ਇਹ ਆਪਣੀ ਤਰ੍ਹਾਂ ਦਾ ਪਹਿਲਾ ਸਾਂਝਾ ਉਧਮ ਹੈ ਜੋ ਕਿ ਭਾਰਤ ’ਚ ਸੈਮੀਕੰਡਕਟਰ ਨਿਰਮਾਣ ਲਈ ਇਕ ਈਕੋਸਿਸਟਮ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਫ਼ਨੇ ਨੂੰ ਸਾਕਾਰ ਕਰੇਗਾ। ਇਸਤੋਂ ਪਹਿਲਾਂ ਫਾਕਸਕੋਨ ਨੇ Yageo ਨਾਲ ਵੀ ਗਲੋਬਲ ਪੱਧਰ ’ਤੇ ਚਿੱਪ ਬਣਾਉਣ ਲਈ ਸਾਂਝੇਦਾਰੀ ਕੀਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            