FPI ਵੱਲੋਂ ਹੁਣ ਤੱਕ 54,980 ਕਰੋੜ ਰੁ: ਦਾ ਨਿਵੇਸ਼, ਸ਼ੇਅਰਾਂ 'ਚ ਲਾਏ ਇੰਨੇ ਪੈਸੇ
Sunday, Dec 20, 2020 - 04:13 PM (IST)
ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਦਸੰਬਰ ਮਹੀਨੇ ਵਿਚ ਹੁਣ ਤੱਕ ਭਾਰਤੀ ਬਾਜ਼ਾਰਾਂ ਵਿਚ 54,980 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਗਲੋਬਲ ਬਾਜ਼ਾਰ ਵਿਚ ਵਾਧੂ ਨਕਦੀ ਅਤੇ ਵੱਖ-ਵੱਖ ਕੇਂਦਰੀ ਬੈਂਕਾਂ ਦੇ ਇਕ ਹੋਰ ਪ੍ਰੋਤਸਾਹਨ ਪੈਕੇਜ ਦੀ ਉਮੀਦ ਵਿਚਕਾਰ ਐੱਫ.ਪੀ. ਆਈ. ਨਿਵੇਸ਼ ਬਣਿਆ ਹੋਇਆ ਹੈ।
ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ 1 ਦਸੰਬਰ ਤੋਂ 18 ਦਸੰਬਰ ਤੱਕ ਸ਼ੇਅਰਾਂ ਵਿਚ 48,858 ਕਰੋੜ ਰੁਪਏ ਅਤੇ ਬਾਂਡਾਂ ਵਿਚ 6,122 ਕਰੋੜ ਰੁਪਏ ਲਗਾਏ ਹਨ। ਇਸ ਨਾਲ ਸ਼ੁੱਧ ਰੂਪ ਨਾਲ ਕੁੱਲ ਨਿਵੇਸ਼ ਇਸ ਮਿਆਦ ਵਿਚ 54,980 ਕਰੋੜ ਰੁਪਏ ਰਿਹਾ।
ਨਵੰਬਰ ਮਹੀਨੇ ਵਿਚ ਸ਼ੁੱਧ ਰੂਪ ਨਾਲ ਨਿਵੇਸ਼ 62,951 ਕਰੋੜ ਰੁਪਏ ਰਿਹਾ ਸੀ। ਮਾਰਨਿੰਗ ਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਰਿਸਰਚ ਮੈਨੇਜਰ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, "ਗਲੋਬਲ ਬਾਜ਼ਾਰਾਂ ਵਿਚ ਵਧੇਰੇ ਨਕਦੀ ਅਤੇ ਘੱਟ ਵਿਆਜ ਦਰਾਂ ਕਾਰਨ ਭਾਰਤ ਵਰਗੇ ਉਭਰ ਰਹੇ ਬਾਜ਼ਾਰਾਂ ਵਿਚ ਵਿਦੇਸ਼ੀ ਪੂੰਜੀ ਪ੍ਰਵਾਹ ਹੋ ਰਿਹਾ ਹੈ।" ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਕੇਂਦਰੀ ਬੈਂਕਾਂ ਵੱਲੋਂ ਆਰਥਿਕ ਵਿਕਾਸ ਨੂੰ ਤੇਜ਼ੀ ਦੇਣ ਲਈ ਇਕ ਹੋਰ ਪ੍ਰੋਤਸਾਹਨ ਪੈਕੇਜ ਦੀ ਉਮੀਦ ਨਾਲ ਵੀ ਨਿਵੇਸ਼ਕ ਜੋਖਮ ਲੈ ਰਹੇ ਹਨ। ਇਸ ਤੋਂ ਇਲਾਵਾ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੋਵਿਡ-19 ਟੀਕੇ ਦੇ ਆਉਣ ਨਾਲ ਉਭਰਦੇ ਬਾਜ਼ਾਰਾਂ ਵਿਚ ਵਿਕਾਸ ਨੂੰ ਗਤੀ ਮਿਲੇਗੀ। ਇਸ ਨਾਲ ਵੀ ਨਿਵੇਸ਼ ਨੂੰ ਹੁਲਾਰਾ ਮਿਲ ਰਿਹਾ ਹੈ।