ਪੀ-ਨੋਟਸ ਦੇ ਜ਼ਰੀਏ ਵਿਦੇਸ਼ੀ ਪੋਰਟਫੋਲਿਓ ਨਿਵੇਸ਼ ਜੂਨ ਦੇ ਅੰਤ ਵਿਚ ਘੱਟ ਕੇ 81,913 ਕਰੋੜ ਰੁਪਏ ਹੋਇਆ
Monday, Jul 22, 2019 - 04:55 PM (IST)

ਨਵੀਂ ਦਿੱਲੀ — ਪਾਰਟੀਸਿਪੇਟਰੀ ਨੋਟਸ(ਪੀ-ਨੋਟਸ) ਦੇ ਜ਼ਰੀਏ ਭਾਰਤੀ ਸਕਿਊਰਿਟੀਜ਼ ਬਜ਼ਾਰ ਵਿਚ ਕੀਤਾ ਗਿਆ ਵਿਦੇਸ਼ੀ ਨਿਵੇਸ਼ ਜੂਨ ਦੇ ਅੰਤ ਵਿਚ ਡਿੱਗ ਕੇ 81,913 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲਾਂ ਪਿਛਲੇ ਚਾਰ ਮਹੀਨਿਆਂ ਤੋਂ ਇਸ ਵਿਚ ਵਾਧਾ ਹੋ ਰਿਹਾ ਸੀ। ਪੀ-ਨੋਟਸ ਭਾਰਤ ਵਿਚ ਰਜਿਸਟਰਡ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ(ਐਫ.ਪੀ.ਆਈ.) ਦੁਆਰਾ ਵਿਦੇਸ਼ਾਂ ਵਿਚ ਆਪਣੇ ਗਾਹਕਾਂ ਨੂੰ ਜਾਰੀ ਕੀਤੇ ਜਾਣ ਵਾਲੇ ਡੈਰੀਵੇਟਿਵ ਕੰਟਰੈਕਟ ਹੁੰਦੇ ਹਨ। ਇਨ੍ਹਾਂ ਕੰਟਰੈਕਟ ਦੇ ਤਹਿਤ ਲਗਾਈ ਜਾਣ ਵਾਲੀ ਪੂੰਜੀ ਭਾਰਤੀ ਸਕਿਓਰਿਟੀਜ਼ ਵਿਚ ਨਿਵੇਸ਼ ਕੀਤੀ ਜਾਂਦੀ ਹੈ। ਅਜਿਹੇ ਵਿਦੇਸ਼ੀ ਨਿਵੇਸ਼ਕ ਜਿਹੜੇ ਭਾਰਤੀ ਸ਼ੇਅਰ ਬਜ਼ਾਰ ਵਿਚ ਸਿੱਧੇ ਰਜਿਸਟਰੇਸ਼ਨ ਕਰਵਾਏ ਬਗੈਰ ਨਿਵੇਸ਼ ਕਰਨਾ ਚਾਹੁੰਦੇ ਹਨ ਉਹ ਪੀ-ਨੋਟ ਦਾ ਰਸਤਾ ਅਪਣਾ ਸਕਦੇ ਹਨ।
ਫਰਵਰੀ ਦੇ ਅੰਤ 'ਚ ਪੀ-ਨੋਟਸ ਦੇ ਜ਼ਰੀਏ ਕੁੱਲ ਨਿਵੇਸ਼ 73,428 ਕਰੋੜ ਰੁਪਏ ਸੀ। ਮਾਰਚ ਦੇ ਅੰਤ 'ਚ ਇਹ ਅੰਕੜਾ 78,110 ਕਰੋੜ ਰੁਪਏ, ਅਪ੍ਰੈਲ ਵਿਚ 81,220 ਕਰੋੜ ਰੁਪਏ ਅਤੇ ਮਈ ਦੇ ਅੰਤ 'ਚ 82,619 ਕਰੋੜ ਰੁਪਏ ਸੀ। ਮਾਰਕੀਟ ਰੈਗੂਲੇਟਰ , ਭਾਰਤੀ ਸਕਿਓਰਿਟੀਜ਼ ਅਤੇ ਐਕਸਚੇਂਜ ਬੋਰਡ(ਸੇਬੀ) ਦੇ ਨਵੇਂ ਅੰਕੜਿਆਂ ਅਨੁਸਾਰ ਸ਼ੇਅਰ, ਕਰਜ਼ਾ ਅਤੇ ਡੈਰੀਵੇਟਿਵ ਬਜ਼ਾਰ 'ਚ ਪੀ-ਨੋਟਸ ਦੇ ਜ਼ਰੀਏ ਹੋਣ ਵਾਲਾ ਨਿਵੇਸ਼ ਜੂਨ ਦੇ ਅੰਤ ਤੱਕ ਡਿੱਗ ਕੇ 81,913 ਕਰੋੜ ਰੁਪਏ ਰਹਿ ਗਿਆ।