FII ਨੇ ਜਨਵਰੀ 2020 ਤੋਂ ਹੁਣ ਤੱਕ ਬਾਜ਼ਾਰ 'ਚ 1.9 ਲੱਖ ਕਰੋੜ ਦਾ ਨਿਵੇਸ਼ ਕੀਤਾ
Saturday, Jan 23, 2021 - 11:42 PM (IST)
ਨਵੀਂ ਦਿੱਲੀ- ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ. ਆਈ. ਆਈ.) ਨੇ ਜਨਵਰੀ 2020 ਤੋਂ ਜਨਵਰੀ 2021 ਤੱਕ ਸ਼ੇਅਰ ਬਾਜ਼ਾਰ ਵਿਚ ਹੁਣ ਤੱਕ 1.90 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉੱਥੇ ਹੀ, ਇਸ ਸਾਲ ਜਨਵਰੀ ਵਿਚ ਹੁਣ ਤੱਕ ਦਾ ਸ਼ੁੱਧ ਨਿਵੇਸ਼ 24,469 ਕਰੋੜ ਰੁਪਏ ਰਿਹਾ ਹੈ। ਇਹ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਐੱਫ. ਆਈ. ਆਈ. ਸਕਾਰਾਤਮਕ ਨਿਵੇਸ਼ ਕਰ ਰਹੇ ਹਨ।
ਅੰਕੜੇ ਦੱਸਦੇ ਹਨ ਕਿ ਭਾਰਤੀ ਸ਼ੇਅਰ ਬਾਜ਼ਾਰ ਦੀ ਤੇਜ਼ੀ ਵਿਚ ਇਨ੍ਹਾਂ ਨਿਵੇਸ਼ਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਨਿਵੇਸ਼ਕ ਭਾਰਤੀ ਅਰਥਵਿਵਸਥਾ ਅਤੇ ਹੋਰ ਸੁਧਾਰ ਬਾਰੇ ਕਾਫ਼ੀ ਆਸਵੰਦ ਹਨ। ਵੱਡੇ ਬਾਜ਼ਾਰਾਂ ਵਿਚੋਂ ਉਨ੍ਹਾਂ ਨੂੰ ਭਾਰਤੀ ਬਾਜ਼ਾਰ ਵਿਚ ਸਭ ਤੋਂ ਜ਼ਿਆਦਾ ਰਿਟਰਨ ਮਿਲਿਆ ਹੈ। 21 ਜਨਵਰੀ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ 50 ਹਜ਼ਾਰ ਨੂੰ ਛੂਹ ਗਿਆ ਸੀ। ਇਹ ਇਸ ਦਾ ਇਤਿਹਾਸਕ ਰਿਕਾਰਡ ਹੈ। ਹਾਲਾਂਕਿ, ਮੁਨਾਫਾਵਸੂਲੀ ਕਾਰਨ ਇਹ ਇਸ ਪੱਧਰ 'ਤੇ ਨਹੀਂ ਟਿਕ ਸਕਿਆ।
ਉੱਭਰ ਰਹੇ ਬਾਜ਼ਾਰਾਂ ਵਿਚ ਸਭ ਤੋਂ ਵਿਦੇਸ਼ੀ ਪੈਸਾ ਭਾਰਤੀ ਬਾਜ਼ਾਰ ਵਿਚ ਆਇਆ ਹੈ। ਕੋਵਿਡ ਦੇ ਘੱਟ ਰਹੇ ਪ੍ਰਭਾਵ, ਆਮਦਨੀ ਵਿਚ ਸੁਧਾਰ, ਅਰਥਚਾਰੇ ਦੇ ਅੰਕੜਿਆਂ ਵਿਚ ਸੁਧਾਰ ਅਤੇ ਰਾਹਤ ਪੈਕੇਜ ਵਿਚ ਸਹਾਇਤਾ ਵਰਗੇ ਕਈ ਉਪਾਵਾਂ ਨੇ ਇਸ ਵਿਚ ਮਦਦ ਕੀਤੀ। ਹਾਲਾਂਕਿ, ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ ਐੱਫ. ਆਈ. ਆਈ. ਦੇ ਉਲਟ ਚੱਲੇ ਹਨ। ਉਨ੍ਹਾਂ ਨੇ ਇਸ ਸਮੇਂ ਦੌਰਾਨ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਢਵਾਏ ਹਨ, ਯਾਨੀ ਇੰਨੇ ਮੁੱਲ ਦੇ ਸ਼ੇਅਰ ਵੇਚ ਦਿੱਤੇ। ਇਸ ਦੇ ਨਾਲ ਹੀ ਇੰਡੈਕਸ ਦੇਖੀਏ ਤਾਂ ਜਨਵਰੀ 2020 ਤੋਂ ਸੈਂਸੈਕਸ ਲਗਭਗ 20 ਫ਼ੀਸਦੀ ਵਧਿਆ ਹੈ। ਜਨਵਰੀ 2020 ਵਿਚ ਮਾਰਕੀਟ ਦਾ ਪੂੰਜੀਕਰਨ (ਐੱਮ-ਕੈਪ) 155 ਲੱਖ ਕਰੋੜ ਰੁਪਏ ਸੀ। ਹੁਣ ਇਹ 194 ਲੱਖ ਕਰੋੜ ਰੁਪਏ ਤੋਂ ਵੱਧ ਹੈ। ਹਾਲਾਂਕਿ, ਇਹ 199 ਲੱਖ ਕਰੋੜ ਤੱਕ ਵੀ ਪਹੁੰਚ ਚੁੱਕਾ ਹੈ। ਇਸ ਤਰ੍ਹਾਂ ਇਕ ਸਾਲ ਵਿਚ ਬਾਜ਼ਾਰ ਪੂੰਜੀਕਰਨ ਵਿਚ 44 ਲੱਖ ਕਰੋੜ ਰੁਪਏ ਦੀ ਬੜ੍ਹਤ ਦੇਖੀ ਗਈ ਹੈ।