2 ਮਹੀਨਿਆਂ ਦੇ ਨਿਕਾਸੀ ਦਾ ਦੌਰ ਤੋਂ ਬਾਅਦ ਮੁੜ ਵਧਿਆ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ, ਕੀਤਾ ਭਾਰੀ ਨਿਵੇਸ਼

Monday, Nov 14, 2022 - 11:15 AM (IST)

2 ਮਹੀਨਿਆਂ ਦੇ ਨਿਕਾਸੀ ਦਾ ਦੌਰ ਤੋਂ ਬਾਅਦ ਮੁੜ ਵਧਿਆ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ, ਕੀਤਾ ਭਾਰੀ ਨਿਵੇਸ਼

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਇਕਵਟੀ ਬਾਜ਼ਾਰਾਂ ’ਚ ਨਵੰਬਰ ਮਹੀਨੇ ’ਚ ਹੁਣ ਤੱਕ ਲਗਭਗ 19,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਿਸ ਪਿੱਛੇ ਅਮਰੀਕਾ ’ਚ ਮਹਿੰਗਾਈ ਨਰਮ ਪੈਣ ਅਤੇ ਡਾਲਰ ਦੀ ਮਜ਼ਬੂਤੀ ਘੱਟ ਹੋਣ ਦਾ ਹੱਥ ਰਿਹਾ ਹੈ। ਡਿਪਾਜ਼ਟਰੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਨਵੰਬਰ ’ਚ ਵਿਦੇਸ਼ੀ ਨਿਵੇਸ਼ਕਾਂ ਦੇ ਅਨੁਕੂਲ ਰੁਖ ਰੱਖਣ ਤੋਂ ਪਹਿਲਾਂ ਲਗਾਤਾਰ 2 ਮਹੀਨਿਆਂ ਤੱਕ ਨਿਕਾਸੀ ਦਾ ਦੌਰ ਦੇਖਿਆ ਗਿਆ ਸੀ। ਸਤੰਬਰ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰਾਂ ’ਚ 7,624 ਕਰੋੜ ਰੁਪਏ ਅਤੇ ਅਕਤੂਬਰ ’ਚ 8 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਉਸ ਤੋਂ ਪਹਿਲਾਂ ਅਗਸਤ ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 51,200 ਕਰੋੜ ਰੁਪਏ ਅਤੇ ਜੁਲਾਈ ’ਚ ਲਗਭਗ 5,000 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ ਸੀ।

ਹਾਲਾਂਕਿ ਉਸ ਤੋਂ ਪਹਿਲਾਂ ਅਕਤੂਬਰ 2021 ਤੋਂ ਲੈ ਕੇ ਜੂਨ 2022 ਦੌਰਾਨ ਲਗਾਤਾਰ 9 ਮਹੀਨਿਆਂ ਤੱਕ ਵਿਦੇਸ਼ੀ ਨਿਵੇਸ਼ਕ ਸ਼ੁੱਧ ਬਿਕਵਾਲ ਬਣੇ ਹੋਏ ਸਨ। ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤਕਾਰ ਵੀ. ਕੇ. ਵਿਜੇਕੁਮਾਰ ਦਾ ਮੰਨਣਾ ਹੈ ਕਿ ਐੱਫ. ਪੀ. ਆਈ. ਆਉਣ ਵਾਲੇ ਦਿਨਾਂ ’ਚ ਵੀ ਖਰੀਦਦਾਰੀ ਦਾ ਸਿਲਸਿਲਾ ਜਾਰੀ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਮਹਿੰਗਾਈ ਦੇ ਅੰਕੜਿਆਂ ’ਚ ਨਰਮੀ ਦਾ ਰੁਖ ਰਹਿਣ ਅਤੇ ਡਾਲਰ ਅਤੇ ਬਾਂਡ ਪ੍ਰਤੀਫਲ ਘੱਟਣ ਨਾਲ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰਾਂ ਪ੍ਰਤੀ ਦਿਲਚਸਪੀ ਦਿਖਾ ਸਕਦੇ ਹਨ। ਅੰਕੜੇ ਦੱਸਦੇ ਹਨ ਕਿ ਵਿਦੇਸ਼ੀ ਨਿਵੇਸ਼ਕਾਂ ਨੇ 1 ਨਵੰਬਰ ਤੋਂ ਲੈ ਕੇ 11 ਨਵੰਬਰ ਦੌਰਾਨ ਕੁੱਲ 18,979 ਕਰੋੜ ਰੁਪਏ ਦਾ ਨਿਵੇਸ਼ ਭਾਰਤੀ ਇਕਵਟੀ ਬਾਜ਼ਾਰਾਂ ’ਚ ਕੀਤਾ ਹੈ। ਸਾਲ 2022 ’ਚ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਦੀ ਭਾਰਤੀ ਬਾਜ਼ਾਰ ਤੋਂ ਨਿਕਾਸੀ 1.5 ਲੱਖ ਕਰੋੜ ਰੁਪਏ ਰਹੀ ਹੈ।

ਕੋਟਕ ਸਕਿਓਰਿਟੀਜ਼ ਦੇ ਇਕਵਟੀ ਸੋਧ (ਪ੍ਰਚੂਨ) ਪ੍ਰਮੁੱਖ ਸ਼੍ਰੀਕਾਂਤ ਚੌਹਾਨ ਨੇ ਵਿਦੇਸ਼ੀ ਨਿਵੇਸ਼ਕਾਂ ਦੇ ਮੌਜੂਦਾ ਰੁਖ ਲਈ ਮਹਿੰਗਾਈ ’ਚ ਨਰਮੀ, ਗਲੋਬਲ ਬਾਂਡ ਪ੍ਰਤੀਫਲ ਘੱਟ ਹੋਣ ਅਤੇ ਡਾਲਰ ਦੀ ਮਜ਼ਬੂਤੀ ਦਰਸਾਉਣ ਵਾਲੇ ਡਾਲਰ ਇੰਡੈਕਸ ’ਚ ਗਿਰਾਵਟ ਨੂੰ ਜ਼ਿੰਮੇਵਾਰ ਦੱਸਿਆ। ਮਾਰਨਿੰਗਸਟਾਰ ਇੰਡੀਆ ਦੇ ਸਹਿ-ਨਿਦੇਸ਼ਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਹਾਲ ਦੇ ਦਿਨਾਂ ’ਚ ਇਕਵਟੀ ਬਾਜ਼ਾਰਾਂ ਦੇ ਤੇਜ਼ੀ ਫੜਨ ਨਾਲ ਵਿਦੇਸ਼ੀ ਨਿਵੇਸ਼ਕਾਂ ਨੇ ਵੀ ਸੰਭਾਵਿਤ ਰਿਟਰਨ ਦੀ ਉਮੀਦ ’ਚ ਇਸ ਦਾ ਹਿੱਸਾ ਬਣਨਾ ਪਸੰਦ ਕੀਤਾ ਹੈ। ਹਾਲਾਂਕਿ ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ ’ਚ ਹੁਣ ਤੱਕ ਭਾਰਤੀ ਕਰਜ਼ਾ ਬਾਜ਼ਾਰ ਤੋਂ 2,784 ਕਰੋੜ ਰੁਪਏ ਦੀ ਨਿਕਾਸੀ ਵੀ ਕੀਤੀ ਹੈ।

 

 


author

Harinder Kaur

Content Editor

Related News