ਇਕ ਹਫਤੇ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਖਰੀਦੇ 14,000 ਕਰੋੜ ਰੁਪਏ ਦੇ ਸ਼ੇਅਰ
Sunday, Aug 07, 2022 - 05:13 PM (IST)
ਨਵੀਂ ਦਿੱਲੀ (ਭਾਸ਼ਾ) - ਲਗਾਤਾਰ 9 ਮਹੀਨਿਆਂ ਤਕ ਸ਼ੁੱਧ ਬਿਕਵਾਲੀ ਰਹਿਣ ਤੋਂ ਬਾਅਦ ਪਿੱਛਲੇ ਮਹੀਨੇ ਤੋਂ ਵਿਦੇਸ਼ੀ ਨਿਵੇਸ਼ਕਾਂ (ਐੱਫ. ਪੀ. ਆਈ.) ਦੇ ਰੁਖ ’ਚ ਤਬਦੀਲੀ ਹੋਈ ਹੈ ਅਤੇ ਹੁਣ ਉਹ ਨੈੱਟ ਬਾਇਰ ਬਣ ਗਏ ਹਨ। ਅਗਸਤ ਦੇ ਪਹਿਲੇ ਹਫਤੇ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਜੰਮ ਕੇ ਪੈਸਾ ਲਾਇਆ ਹੈ। ਉਨ੍ਹਾਂ ਨੇ ਅਗਸਤ ਦੇ ਪਹਿਲੇ ਹਫਤੇ ’ਚ 14000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ। ਪੂਰੇ ਜੁਲਾਈ ਮਹੀਨੇ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਕਰੀਬ 5000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਤਰ੍ਹਾਂ ਅਗਸਤ ਦੇ ਪਹਿਲੇ ਹਫਤੇ ’ਚ ਐੱਫ. ਪੀ. ਆਈ. ਦਾ ਕੁਲ ਨਿਵੇਸ਼ ਜੁਲਾਈ ਦੇ ਪੂਰੇ ਨਿਵੇਸ਼ ਤੋਂ ਜ਼ਿਆਦਾ ਰਿਹਾ। ਡਾਲਰ ਸੰਚਕ ਅੰਕ ’ਚ ਨਰਮੀ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਇਕਵਿਟੀ ’ਤੇ ਆਪਣਾ ਸਾਕਾਰਾਤਮਕ ਰੁਖ ਜਾਰੀ ਰੱਖਿਆ। ਐੱਫ. ਪੀ. ਆਈ. ਨੇ ਲਗਾਤਾਰ 9 ਮਹੀਨਿਆਂ ਤਕ ਭਾਰੀ ਸ਼ੁੱਧ ਨਿਕਾਸੀ ਕੀਤੀ ਸੀ। ਅਕਤੂਬਰ 2021 ਤੇ ਜੂਨ 2022 ਦੌਰਾਨ ਉਨ੍ਹਾਂ ਨੇ ਭਾਰਤੀ ਇਕਵਿਟੀ ਬਾਜ਼ਾਰਾਂ ’ਚ 2.46 ਲੱਖ ਕਰੋੜ ਰੁਪਏ ਦੀ ਭਾਰੀ-ਭਰਕਮ ਨਿਕਾਸੀ ਕੀਤੀ ਸੀ। ਵਿਦੇਸ਼ੀ ਨਿਵੇਸ਼ਕਾਂ ਦੇ ਰੁਖ ’ਚ ਆਏ ਇਸ ਬਦਲਾਅ ਨੂੰ ਬਾਜ਼ਾਰ ਜਾਣਕਾਰ ਭਾਰਤੀ ਸ਼ੇਅਰ ਬਾਜ਼ਾਰ ਲਈ ਚੰਗਾ ਸੰਕੇਤ ਮੰਨ ਰਹੇ ਹਨ।