ਵਿਦੇਸ਼ੀ ਨਿਵੇਸ਼ਕ ਲਗਾਤਾਰ ਕੱਢ ਰਹੇ ਭਾਰਤੀ ਸ਼ੇਅਰ ਬਾਜ਼ਾਰ ਤੋਂ ਆਪਣਾ ਪੈਸਾ
Monday, Nov 06, 2023 - 01:05 PM (IST)

ਨਵੀਂ ਦਿੱਲੀ (ਭਾਸ਼ਾ) – ਭਾਰਤੀ ਸ਼ੇਅਰ ਬਾਜ਼ਾਰਾਂ ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਬਿਕਵਾਲੀ ਦਾ ਸਿਲਸਿਲਾ ਨਵੰਬਰ ’ਚ ਵੀ ਜਾਰੀ ਹੈ। ਪੱਛਮੀ-ਏਸ਼ੀਆ ’ਚ ਤਣਾਅ ਅਤੇ ਵਧਦੀਆਂ ਵਿਆਜ ਦਰਾਂ ਕਾਰਨ ਐੱਫ. ਪੀ. ਆਈ. ਨੇ ਨਵੰਬਰ ਦੇ ਪਹਿਲੇ 3 ਕਾਰੋਬਾਰੀ ਸੈਸ਼ਨਾਂ ’ਚ ਭਾਰਤੀ ਸਟਾਕ ਬਾਜ਼ਾਰਾਂ ’ਚੋਂ 3,400 ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ ਕੀਤੀ ਹੈ। ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ ਅਕਤੂਬਰ ’ਚ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 24,548 ਕਰੋੜ ਰੁਪਏ ਅਤੇ ਸਤੰਬਰ ’ਚ 14,767 ਕਰੋੜ ਰੁਪਏ ਕਢਵਾਏ ਸਨ। ਹਾਲਾਂਕਿ ਅੱਗੇ ਚੱਲ ਕੇ ਐੱਫ. ਪੀ. ਆਈ. ਦਾ ਬਿਕਵਾਲੀ ਦਾ ਰੁਝਾਨ ਰੁਕ ਸਕਦਾ ਹੈ ਕਿਉਂਕਿ ਅਮਰੀਕੀ ਕੇਂਦਰੀ ਬੈਂਕ ਦੇ ਨਰਮ ਰੁਖ ਕਾਰਨ ਬਾਂਡ ਯੀਲਡ ’ਚ ਵਾਧਾ ਰੁਕ ਗਿਆ ਹੈ।
ਇਹ ਵੀ ਪੜ੍ਹੋ : Diwali Offer: ਇਨ੍ਹਾਂ 3 ਵੱਡੇ ਬੈਂਕਾਂ ਨੇ Home ਅਤੇ Car ਲੋਨ ਨੂੰ ਲੈ ਕੇ ਕੀਤਾ ਆਫ਼ਰਸ ਦਾ ਐਲਾਨ
ਬਾਂਡ ਯੀਲਡ ’ਚ ਵਾਧੇ ਦਾ ਰੁਖ ਪਲਟਿਆ
ਐੱਫ. ਪੀ. ਆਈ. ਮਾਰਚ ਤੋਂ ਅਗਸਤ ਤੱਕ ਪਿਛਲੇ 6 ਮਹੀਨਿਆਂ ਦੌਰਾਨ ਲਗਾਤਾਰ ਸ਼ੁੱਧ ਲਿਵਾਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸ਼ੇਅਰ ਬਾਜ਼ਾਰਾਂ ’ਚ 1.74 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਜੀਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ,“ਫੈਡਰਲ ਰਿਜ਼ਰਵ ਦੇ ਮੁਖੀ ਜੇਰੋਮ ਪਾਵੇਲ ਦੀ ਨਰਮ ਟਿੱਪਣੀ ਤੋਂ ਬਾਅਦ, ਬਾਂਡ ਯੀਲਡ ’ਚ ਵਾਧੇ ਦਾ ਰੁਝਾਨ ਉਲਟ ਹੋ ਗਿਆ ਹੈ। ਮਾਰਕੀਟ ਨੇ ਉਨ੍ਹਾਂ ਇਸ ਟਿੱਪਣੀ ਦੀ ਵਿਆਖਿਆ ਵਿਆਜ ਦਰਾਂ ’ਚ ਵਾਧੇ ਦੇ ਸਿਲਸਿਲੇ ’ਤੇ ਰੋਕ ਦੇ ਰੂਪ ’ਚ ਕੀਤੀ ਹੈ।’’
ਇਹ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਅਮੀਰ ਔਰਤ ਮਾਇਰਸ ਨੇ ਅਮੀਰੀ ’ਚ ਮੁਕੇਸ਼ ਅੰਬਾਨੀ ਨੂੰ ਪਛਾੜਿਆ
ਐੱਫ. ਪੀ. ਆਈ. ਨੇ 3,412 ਕਰੋੜ ਰੁਪਏ ਦੇ ਸ਼ੇਅਰ ਵੇਚੇ
ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ 1 ਤੋਂ 3 ਨਵੰਬਰ ਦੌਰਾਨ 3,412 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ। ਸਤੰਬਰ ਦੀ ਸ਼ੁਰੂਆਤ ਤੋਂ, ਐੱਫ. ਪੀ. ਆਈ. ਲਗਾਤਾਰ ਬਿਕਵਾਲ ਬਣੇ ਹੋਏ ਹਨ। ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ ਅਤੇ ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ,“ਇਜ਼ਰਾਈਲ-ਹਮਾਸ ਸੰਘਰਸ਼ ਅਤੇ ਅਮਰੀਕਾ ’ਚ ਬਾਂਡ ਯੀਲਡ ’ਚ ਵਾਧੇ ਕਾਰਨ ਐੱਫ. ਪੀ. ਆਈ. ਬਿਕਵਾਲ ਰਹੇ ਹਨ।
ਸੋਨੇ ਅਤੇ ਡਾਲਰ ਦਾ ਰੁਖ ਕਰ ਸਕਦੇ ਹਨ ਨਿਵੇਸ਼ਕ
ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ’ਚ ਐੱਫ. ਪੀ. ਆਈ. ਨਿਵੇਸ਼ ਦੇ ਜ਼ਿਆਦਾ ਸੁਰੱਖਿਅਤ ਬਦਲ ਸੋਨੇ ਅਤੇ ਅਮਰੀਕੀ ਡਾਲਰ ਵੱਲ ਰੁਖ ਕਰ ਸਕਦੇ ਹਨ। ਸਮੀਖਿਆ ਅਧੀਨ ਮਿਆਦ ’ਚ ਐੱਫ. ਪੀ. ਆਈ. ਨੇ ਕਰਜ਼ੇ ਜਾਂ ਬਾਂਡ ਮਾਰਕੀਟ ’ਚ 1,984 ਕਰੋੜ ਰੁਪਏ ਪਾਏ ਹਨ। ਇਸ ਤੋਂ ਪਹਿਲਾਂ ਅਕਤੂਬਰ ’ਚ ਐੱਫ. ਪੀ. ਆਈ. ਨੇ ਬਾਂਡ ਮਾਰਕੀਟ ’ਚ 6,381 ਕਰੋੜ ਰੁਪਏ ਪਾਏ ਸੀ। ਇਸ ਤਰ੍ਹਾਂ ਚਾਲੂ ਸਾਲ ’ਚ ਸ਼ੇਅਰਾਂ ’ਚ ਐੱਫ. ਪੀ. ਆਈ. ਦਾ ਨਿਵੇਸ਼ ਹੁਣ ਤੱਕ 92,560 ਕਰੋੜ ਰੁਪਏ ਰਿਹਾ ਹੈ। ਉਥੇ ਬਾਂਡ ਮਾਰਕੀਟ ’ਚ ਉਨ੍ਹਾਂ ਦਾ ਨਿਵੇਸ਼ 34,485 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : PNB ਨੇ FD ਦਰਾਂ 'ਚ ਕੀਤਾ ਵਾਧਾ ਦਿੱਤੀਆਂ, ਜਾਣੋ ਇਸ ਸਾਲ Bank FD 'ਤੇ ਕਿੰਨਾ ਮਿਲੇਗਾ ਵਿਆਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8