ਵਿਦੇਸ਼ੀ ਮੁਦਰਾ ਭੰਡਾਰ ''ਚ ਗਿਰਾਵਟ ਜਾਰੀ, ਘਟ ਕੇ  550.87 ਅਰਬ ਡਾਲਰ ਰਹਿ ਗਿਆ

Saturday, Sep 17, 2022 - 03:49 PM (IST)

ਵਿਦੇਸ਼ੀ ਮੁਦਰਾ ਭੰਡਾਰ ''ਚ ਗਿਰਾਵਟ ਜਾਰੀ, ਘਟ ਕੇ  550.87 ਅਰਬ ਡਾਲਰ ਰਹਿ ਗਿਆ

ਮੁੰਬਈ- ਦੇਸ਼ 'ਚ ਵਿਦੇਸ਼ੀ ਮੁਦਰਾ ਭੰਡਾਰ 'ਚ ਲਗਾਤਾਰ ਗਿਰਾਵਟ ਜਾਰੀ ਹੈ। ਵਿਦੇਸ਼ੀ ਮੁਦਰਾ ਭੰਡਾਰ ਨੌ ਸਤੰਬਰ ਨੂੰ ਖਤਮ ਹਫ਼ਤਾਵਾਰੀ 'ਚ 2.23 ਅਰਬ ਡਾਲਰ ਘੱਟ ਕੇ 550.87 ਅਰਬ ਡਾਲਰ ਰਹਿ ਗਿਆ। ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫ਼ਤੇ 'ਚ ਵਿਦੇਸ਼ੀ ਮੁਦਰਾ ਭੰਡਾਰ 7.94 ਅਰਬ ਡਾਲਰ ਘੱਟ ਕੇ 553.10 ਅਰਬ ਡਾਲਰ ਰਿਹਾ ਸੀ। ਪਿਛਲੇ ਹਫ਼ਤੇ ਦੀ ਗਿਰਾਵਟ ਤੋਂ ਬਾਅਦ ਇਸ ਸਮੇਂ ਮੁਦਰਾ ਭੰਡਾਰ 2 ਸਾਲ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ।
ਲਗਭਗ 600 ਅਰਬ ਡਾਲਰ ਤੋਂ ਇਹ ਡਿੱਗਦੇ-ਡਿੱਗਦੇ ਹੁਣ 550 ਅਰਬ ਡਾਲਰ ਤੋਂ ਆਲੇ-ਦੁਆਲੇ ਆ ਗਿਆ ਹੈ। ਰਿਜ਼ਰਵ ਬੈਂਕ ਵਲੋਂ ਹਫ਼ਤਾਵਾਰੀ ਅੰਕੜਿਆਂ ਦੇ ਅਨੁਸਾਰ ਫਾਰੇਨ ਕਰੰਸੀ ਐਸੇਟ (ਐੱਫ.ਸੀ.ਏ.) 'ਚ ਗਿਰਾਵਟ ਨਾਲ ਵਿਦੇਸ਼ੀ ਮੁਦਰਾ ਭੰਡਾਰ ਘਟਿਆ ਹੈ। ਸਮੀਖਿਆਧੀਨ ਹਫ਼ਤੇ 'ਚ ਐੱਫ.ਸੀ.ਏ. 2.51 ਅਰਬ ਡਾਲਰ ਘਟ ਕੇ 489.59 ਅਰਬ ਡਾਲਰ ਰਹਿ ਗਿਆ।
ਡਾਲਰ ਦੀ ਬਿਕਵਾਲੀ 
ਪਿਛਲੇ ਹਫ਼ਤੇ ਵਿਦੇਸ਼ੀ ਮੁਦਰਾ ਭੰਡਾਰ ਦੀ ਗਿਰਾਵਟ 'ਤੇ ਮਾਹਰਾਂ ਨੇ ਕਿਹਾ ਸੀ ਕਿ ਹਾਲੀਆ ਗਿਰਾਵਟ ਦੀ ਮੁੱਖ ਵਜ੍ਹਾ ਰਿਜ਼ਰਵ ਬੈਂਕ ਵਲੋਂ ਵੱਡੀ ਮਾਤਰਾ 'ਚ ਡਾਲਰ ਦੀ ਬਿਕਵਾਲੀ ਹੈ। ਰੁਪਏ ਦੀ ਕਮਜ਼ੋਰੀ ਤੋਂ ਨਿਪਟਣ ਲਈ ਆਰ.ਬੀ.ਆਈ. ਨੇ ਪਿਛਲੇ ਦਿਨੀਂ ਇਹ ਕਦਮ ਚੁੱਕਿਆ ਜਿਸ ਦਾ ਅਸਰ ਮੁਦਰਾ ਭੰਡਾਰ 'ਤੇ ਦਿਖ ਰਿਹਾ ਹੈ। ਇਸ ਸਮੇਂ ਵੀ ਇਹ ਕਾਰਨ ਹਾਵੀ ਹੈ। 
ਗੋਲਡ ਰਿਜ਼ਰਵ ਵਧਿਆ
ਹਾਲਾਂਕਿ ਇਸ ਦੌਰਾਨ ਸੋਨਾ ਭੰਡਾਰ 34 ਕਰੋੜ ਵਧ ਕੇ 38.64 ਅਰਬ ਡਾਲਰ 'ਤੇ ਪਹੁੰਚ ਗਿਆ। 2 ਸਤੰਬਰ ਨੂੰ ਖਤਮ ਹਫ਼ਤਾਵਾਰੀ 'ਤੇ ਸੋਨੇ ਦਾ ਭੰਡਾਰ 38.303 ਅਰਬ ਡਾਲਰ 'ਤੇ ਸੀ। ਉਸ ਸਮੇਂ ਇਸ 'ਚ 1.399 ਅਰਬ ਡਾਲਰ ਦੀ ਗਿਰਾਵਟ ਦੇਖੀ ਗਈ ਸੀ। ਜੇਫਰੀਜ਼ ਨੇ 6 ਸਤੰਬਰ ਦੇ ਆਪਣੇ ਨੋਟ 'ਚ ਕਿਹਾ ਸੀ ਕਿ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਦੀ ਸਥਿਤੀ 'ਤੇ ਨਜ਼ਰ ਰੱਖਣ ਦੀ ਲੋੜ ਹੈ। ਹੁਣ ਇਸ 'ਚ ਹੋਰ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 


author

Aarti dhillon

Content Editor

Related News