ਵਿਦੇਸ਼ੀ ਇਕਵਿਟੀ ਨੂੰ ਬਾਬਾ ਦੀ ਮਨਾਹੀ, ਨਿਵੇਸ਼ਕਾਂ ਦੇ ਸੁਪਨਿਆਂ ''ਤੇ ਫਿਰਿਆ ਪਾਣੀ
Thursday, Oct 11, 2018 - 02:16 AM (IST)

ਨਵੀਂ ਦਿੱਲੀ (ਇੰਟ.)— ਦੇਸ਼ ਦੀਆਂ ਸਭ ਤੋਂ ਵੱਡੀਆਂ ਐੱਫ. ਐੱਮ. ਸੀ. ਜੀ. ਕੰਪਨੀਆਂ 'ਚੋਂ ਇਕ ਪਤੰਜਲੀ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਖਬਰ ਆਉਂਦੀ ਹੀ ਰਹਿੰਦੀ ਹੈ, ਉਥੇ ਹੀ ਬਾਬਾ ਰਾਮਦੇਵ ਵੀ ਹਮੇਸ਼ਾ ਤੋਂ ਸੁਰਖੀਆਂ 'ਚ ਰਹਿੰਦੇ ਹਨ । ਹੁਣ ਬਾਬਾ ਅਤੇ ਪਤੰਜਲੀ ਇਕ ਨਵੀਂ ਖਬਰ ਅਤੇ ਆਪਣੇ ਫੈਸਲੇ ਨੂੰ ਲੈ ਕੇ ਸੁਰਖੀਆਂ 'ਚ ਹਨ ।
ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਉਹ ਕੰਪਨੀ ਨੂੰ ਅੱਗੇ ਵਧਾਉਣ ਅਤੇ ਦੌਲਤ ਕਮਾਉਣ ਲਈ ਵਿਦੇਸ਼ੀਆਂ ਦਾ ਸਹਾਰਾ ਜਾਂ ਇੰਝ ਕਹੋ ਕਿ ਉਨ੍ਹਾਂ ਨਾਲ ਪਾਰਟਨਰਸ਼ਿਪ ਨਹੀਂ ਕਰਨਗੇ । ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸੁਣਨ 'ਚ ਆ ਰਿਹਾ ਸੀ ਕਿ ਪਤੰਜਲੀ ਗਰੁੱਪ ਸ਼ੇਅਰ ਮਾਰਕੀਟ 'ਚ ਆਪਣਾ ਇਨੀਸ਼ੀਅਲ ਪਬਲਿਕ ਆਫਰਿੰਗ (ਆਈ. ਪੀ. ਓ.) ਲੈ ਕੇ ਆ ਰਹੀ ਹੈ ਪਰ ਉਸ ਲਈ ਵਿਦੇਸ਼ੀ ਇਕਵਿਟੀ ਦੀ ਜ਼ਰੂਰਤ ਹੁੰਦੀ ਹੈ, ਜਿਸ 'ਤੇ ਰਾਮਦੇਵ ਨੇ ਸਾਫ ਮਨ੍ਹਾ ਕਰ ਦਿੱਤਾ ਹੈ।
ਫਿੱਕੀ ਲੇਡੀਜ਼ ਦੇ ਇਕ ਪ੍ਰੋਗਰਾਮ 'ਚ ਬੋਲਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਪਤੰਜਲੀ ਐੱਫ. ਐੱਮ. ਸੀ. ਜੀ. ਖੇਤਰ ਦੀ ਮੋਹਰਲੀਆਂ ਫਰਮਾਂ 'ਚੋਂ ਇਕ ਹੈ । ਉਸ ਦੀ ਕਿਸੇ ਵੀ ਸਮੇਂ 'ਚ ਜਨਤਕ ਪਲੇਟਫਾਰਮ 'ਤੇ ਆਉਣ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਹ ਚੈਰੀਟੇਬਲ ਟਰੱਸਟ ਹੈ । ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਉਹ ਕਿਸੇ ਵਿਦੇਸ਼ੀ ਇਕਵਿਟੀ ਨੂੰ ਮਨਜ਼ੂਰੀ ਨਹੀਂ ਦੇਣਗੇ । ਬਾਬਾ ਰਾਮਦੇਵ ਦਾ ਇਹ ਬਿਆਨ ਆਪਣੇ ਪਿਛਲੇ ਕਈ ਮੁੱਦਿਆਂ 'ਤੇ ਦਿੱਤੇ ਕਈ ਬਿਆਨਾਂ ਤੋਂ ਵੱਡਾ ਤੇ ਮਹੱਤਵਪੂਰਨ ਹੈ ਕਿਉਂਕਿ ਵਿਦੇਸ਼ੀ ਕੰਪਨੀਅ ਪਤੰਜਲੀ ਨਾਲ ਜੁੜ ਕੇ ਭਾਰਤ ਅਤੇ ਵਿਦੇਸ਼ਾਂ 'ਚ ਕੰਮ ਕਰਨ ਦਾ ਮਨ ਬਣਾ ਰਹੀਆਂ ਸਨ । ਇਸ ਬਿਆਨ ਤੋਂ ਬਾਅਦ ਕਈ ਵਿਦੇਸ਼ੀ ਨਿਵੇਸ਼ਕਾਂ ਦੇ ਸੁਪਨਿਆਂ 'ਤੇ ਪਾਣੀ ਫਿਰ ਗਿਆ ਹੋਵੇਗਾ । ਉਨ੍ਹਾਂ ਕਿਹਾ ਕਿ ਪਤੰਜਲੀ ਆਯੁਰਵੇਦ ਹੁਣ ਖੇਤੀਬਾੜੀ ਅਤੇ ਸੌਰ ਊਰਜਾ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੀ ਹੈ ।