ਲਗਾਤਾਰ ਤੀਸਰੇ ਮਹੀਨੇ ਵਧ ਕੇ 5 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੇ ਖੁਰਾਕੀ ਪਦਾਰਥਾਂ ਦੇ ਮੁੱਲ
Friday, Jan 10, 2020 - 09:34 AM (IST)

ਨਵੀਂ ਦਿੱਲੀ — ਦੁਨੀਆ ’ਚ ਖੁਰਾਕੀ ਪਦਾਰਥਾਂ ਦੇ ਮੁੱਲ ਲਗਾਤਾਰ ਤੀਸਰੇ ਮਹੀਨੇ ਵਧ ਕੇ ਦਸੰਬਰ ’ਚ 5 ਸਾਲਾਂ ਦੇ ਉੱਚੇ ਪੱਧਰ ’ਤੇ ਪਹੁੰਚ ਗਏ। ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫ. ਏ. ਓ.) ਮੁਤਾਬਕ ਇਸ ਦੇ ਪਿੱਛੇ ਬਨਸਪਤੀ ਤੇਲਾਂ, ਖੰਡ ਅਤੇ ਡੇਅਰੀ ਉਤਪਾਦਾਂ ਦੀਆਂ ਕੀਮਤਾਂ ’ਚ ਹੋਇਆ ਤੇਜ਼ ਵਾਧਾ ਅਤੇ ਅਨਾਜਾਂ ਦੇ ਘਟਦੇ ਮੁੱਲ ਮੁੱਖ ਕਾਰਣ ਰਹੇ। ਐੱਫ. ਏ. ਓ. ਫੂਡ ਪ੍ਰਾਈਸ ਇੰਡੈਕਸ ’ਚ ਅਨਾਜਾਂ, ਤੇਲ ਦੇ ਬੀਜਾਂ, ਡੇਅਰੀ ਉਤਪਾਦ, ਮੀਟ ਅਤੇ ਖੰਡ ਦੀਆਂ ਕੀਮਤਾਂ ’ਚ ਮਹੀਨਾਵਾਰੀ ਬਦਲਾਵਾਂ ਨੂੰ ਮਾਪਿਆ ਜਾਂਦਾ ਹੈ। ਇਸ ਦੇ ਮੁਤਾਬਕ ਪਿਛਲੇ ਮਹੀਨੇ ਦਸੰਬਰ ’ਚ ਇਨ੍ਹਾਂ ਸਾਰੇ ਖੁਰਾਕੀ ਉਤਪਾਦਾਂ ਦੇ ਮੁੱਲ ਦਸੰਬਰ 2014 ਦੇ ਬਾਅਦ ਤੋਂ ਸਭ ਤੋਂ ਜ਼ਿਆਦਾ ਵਧ ਕੇ ਔਸਤ 181.7 ਅੰਕ ’ਤੇ ਪਹੁੰਚ ਗਏ। ਪੂਰੇ ਸਾਲ ਦਾ ਔਸਤ ਸੂਚਕ ਅੰਕ 171.5 ਅੰਕ ਰਿਹਾ, ਜੋ 2018 ਦੇ ਮੁਕਾਬਲੇ 1.8 ਫ਼ੀਸਦੀ ਜ਼ਿਆਦਾ ਹੈ। ਹਾਲਾਂਕਿ ਇਹ 2011 ਦੇ 230 ਅੰਕਾਂ ਤੋਂ ਕਿਤੇ ਘੱਟ ਰਿਹਾ।
ਇਨ੍ਹਾਂ ਦੀ ਵੀ ਵਧੀ ਕੀਮਤ
ਡੇਅਰੀ ਉਤਪਾਦ ਮੁੱਲ ਸੂਚਕ ਅੰਕ ਦਸੰਬਰ ’ਚ 3.3 ਫ਼ੀਸਦੀ ਦੇ ਵਾਧੇ ਨਾਲ 198.9 ਅੰਕ ਦੇ ਔਸਤ ’ਤੇ ਰਿਹਾ। ਪਨੀਰ ਅਤੇ ਸਕਿਮ ਮਿਲਕ ਪਾਊਡਰ ਦੀਆਂ ਕੀਮਤਾਂ ’ਚ ਵਾਧੇ ਨੇ ਮੱਖਣ ਅਤੇ ਹੋਲ-ਮਿਲਕ ਪਾਊਡਰ ਦੀਆਂ ਕੀਮਤਾਂ ’ਚ ਹੋਈ ਗਿਰਾਵਟ ਦੇ ਫਰਕ ਨੂੰ ਘਟਾ ਦਿੱਤਾ। ਖੰਡ ਦਾ ਮੁੱਲ ਸੂਚਕ ਅੰਕ 4.8 ਫ਼ੀਸਦੀ ਚੜ੍ਹ ਕੇ 190.3 ਅੰਕ ’ਤੇ ਪਹੁੰਚ ਗਿਆ। ਮੀਟ ਦਾ ਮੁੱਲ ਨਵੰਬਰ ਦੇ ਸੂਚਕ ਅੰਕ ਤੋਂ ਜ਼ਿਆਦਾ ਬਦਲਿਆ ਨਹੀਂ।
ਬਨਸਪਤੀ ਤੇਲਾਂ ਦੇ ਮੁੱਲ ’ਚ ਭਾਰੀ ਵਾਧਾ
ਚੀਨ ਵੱਲੋਂ ਮੰਗ ਵਧਣ ਅਤੇ ਫ਼ਰਾਂਸ ’ਚ ਹੜਤਾਲਾਂ ਕਾਰਣ ਢੋਆ-ਢੁਆਈ ਦੀ ਸਮੱਸਿਆ ਕਾਰਣ ਕਣਕ ਦੇ ਮੁੱਲ ਵਧਣ ਨਾਲ ਅਨਾਜਾਂ ਦਾ ਮੁੱਲ ਸੂਚਕ ਅੰਕ 1.4 ਫ਼ੀਸਦੀ ਵਧ ਕੇ 164.3 ਅੰਕ ਦੇ ਔਸਤ ’ਤੇ ਪਹੁੰਚ ਗਿਆ। ਚੌਲਾਂ ਦੀਆਂ ਕੀਮਤਾਂ ’ਚ ਜ਼ਿਆਦਾ ਬਦਲਾਅ ਨਹੀਂ ਹੋਇਆ। ਬਨਸਪਤੀ ਤੇਲ ਦੀਆਂ ਕੀਮਤਾਂ ’ਚ ਤੇਜ਼ ਵਾਧਾ ਹੋਇਆ। ਦਸੰਬਰ ’ਚ ਮੁੱਲ ਸੂਚਕ ਅੰਕ 9.4 ਫ਼ੀਸਦੀ ਵਧ ਕੇ 164.7 ਅੰਕ ਹੋ ਗਿਆ। ਪਾਮ ਤੇਲ ਦੇ ਮੁੱਲ ਲਗਾਤਾਰ 5ਵੇਂ ਮਹੀਨੇ ਵਧੇ, ਸੋਇਆਬੀਨ, ਸੂਰਜਮੁਖੀ ਅਤੇ ਰੈਪਸੀਡ ਦੇ ਤੇਲ ਦੀ ਕੀਮਤ ਵੀ ਵਧੀ।