ਦੇਸ਼ ਭਰ ’ਚ ਆਟਾ, ਬਰੈੱਡ-ਬਿਸਕੁਟ ਹੋ ਸਕਦੇ ਹਨ ਸਸਤੇ, ਕੀਮਤਾਂ ਘਟਾਉਣ ਲਈ ਸਰਕਾਰ ਉਠਾਏਗੀ ਕਦਮ
Saturday, Jun 17, 2023 - 10:02 AM (IST)
ਨਵੀਂ ਦਿੱਲੀ (ਇੰਟ.) - ਹਾੜੀ ਸੀਜ਼ਨ ਦੀ ਫ਼ਸਲ ਦੇਸ਼ ਦੀਆਂ ਮੰਡੀਆਂ ’ਚ ਆਉਣ ਤੋਂ ਬਾਅਦ ਕਣਕ ਦੀਆਂ ਕੀਮਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਕਾਰਣ ਕਣਕ ਦੇ ਰੇਟ ਲਗਾਤਾਰ ਉੱਚ ਪੱਧਰ ’ਤੇ ਬਣੇ ਹੋਏ ਹਨ। ਇਸ ਨੂੰ ਦੇਖਦੇ ਹੋਏ ਹੁਣ ਸਰਕਾਰ ਇਕ ਵੱਡਾ ਕਦਮ ਉਠਾਉਣ ਜਾ ਰਹੀ ਹੈ। ਸਰਕਾਰ ਦੀ ਅਨਾਜ ਸਟੋਰੇਜ਼ ਨਾਲ ਜੁੜੀ ਏਜੰਸੀ ਭਾਰਤੀ ਖੁਰਾਕ ਨਿਗਮ (ਐੱਫ ਸੀ. ਆਈ.) 28 ਜੂਨ ਤੋਂ ਖੁੱਲ੍ਹੀ ਬਾਜ਼ਾਰ ਵਿਕਰੀ ਯੋਜਨਾ (ਓ. ਐੱਮ. ਐੱਸ. ਐੱਸ.) ਦੇ ਅਧੀਨ ਈ-ਨਿਲਾਮੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਨਿਲਾਮੀ ਦੇ ਇਸ ਦੌਰ ’ਚ ਐੱਫ. ਸੀ. ਆਈ. 3 ਤੋਂ 5 ਲੱਖ ਟਨ ਕਣਕ ਛੋਟੇ ਨਿੱਜੀ ਖਰੀਦਦਾਰਾਂ ਨੂੰ ਵੇਚਣ ਦੀ ਉਮੀਦ ਹੈ। ਇਨ੍ਹਾਂ ਛੋਟੇ ਖਰੀਦਦਾਰਾਂ ’ਚ ਆਟਾ ਮਿੱਲ ਤੋਂ ਇਲਾਵਾ ਬਰੈੱਡ ਅਤੇ ਬਿਸਕੁਟ ਨਿਰਮਾਤਾ ਸ਼ਾਮਲ ਹਨ। ਅਜਿਹੇ ’ਚ ਆਟੇ ਤੋਂ ਇਲਾਵਾ ਬਿਸਕੁਟ ਵੀ ਸਸਤੇ ਹੋ ਸਕਦੇ ਹਨ।
ਮਾਰਚ 2024 ਤੱਕ 15 ਲੱਖ ਟਨ ਕਣਕ ਵੇਚੇਗੀ ਸਰਕਾਰ
ਜ਼ਿਕਰਯੋਗ ਹੈ ਕਿ ਐੱਫ. ਸੀ. ਆਈ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਕੇ. ਮੀਣਾ ਨੇ ਕਿਹਾ ਸੀ ਕਿ ਸਰਕਾਰ 28 ਜੂਨ ਨੂੰ ਹੋ ਰਹੀ ਪਹਿਲੀ ਈ-ਨਿਲਾਮੀ ਵਿਚ 3-5 ਲੱਖ ਟਨ ਕਣਕ ਦੀ ਵਿਕਰੀ ਕਰੇਗੀ। ਇਸ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸਰਕਾਰ ਨੇ ਕਣਕ ਦੀਆਂ ਕੀਮਤਾਂ ’ਤੇ ਕੰਟਰੋਲ ਕਰਨ ਲਈ ਮਾਰਚ 2024 ਤੱਕ ਆਟਾ ਮਿੱਲ ਮਾਲਕਾਂ ਦੇ ਕੇਂਦਰੀ ਪੂਲ, ਨਿੱਜੀ ਵਪਾਰੀਆਂ, ਥੋਕ ਖਰੀਦਦਾਰਾਂ ਅਤੇ ਕਣਕ ਉਤਪਾਦਾਂ ਦੇ ਨਿਰਮਾਤਾਵਾਂ ਨੂੰ 15 ਲੱਖ ਟਨ ਕਣਕ ਵੇਚਣ ਦਾ ਫ਼ੈਸਲਾ ਲਿਆ ਹੈ।
ਇਸ ਕੀਮਤ ’ਤੇ ਹੋਵੇਗੀ ਕਣਕ ਦੀ ਨਿਲਾਮੀ
ਦੇਸ਼ ਭਰ ’ਚ 31 ਜਨਵਰੀ ਤੱਕ ਕਣਕ ਦੀ ਰਾਖਵੀਂ ਕੀਮਤ ਚੰਗੀ ਅਤੇ ਔਸਤ ਗੁਣਵੱਤਾ ਲਈ 2,150 ਰੁਪਏ ਪ੍ਰਤੀ ਕੁਇੰਟਲ ਅਤੇ ਦਰਮਿਆਨੀ ਕਿਸਮ ਦੀ ਕਣਕ ਲਈ 2,125 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਚੌਲਾਂ ਦੇ ਮਾਮਲੇ ’ਚ ਨਿਲਾਮੀ 5 ਜੁਲਾਈ ਨੂੰ ਸ਼ੁਰੂ ਹੋਵੇਗੀ ਅਤੇ ਸਮਰੱਥਾ ਲੋੜ ਦੇ ਹਿਸਾਬ ਨਾਲ ਤੈਅ ਕੀਤੀ ਜਾਏਗੀ। ਚੌਲਾਂ ਲਈ ਰਾਖਵੀਂ ਕੀਮਤ ਦੇਸ਼ ਭਰ ’ਚ 31 ਅਕਤੂਬਰ, 2023 ਤੱਕ ਨਿੱਜੀ ਲੋਕਾਂ ਲਈ 3100 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਖਰੀਦਦਾਰ ਘੱਟ ਤੋਂ ਘੱਟ 10 ਟਨ ਅਤੇ ਵੱਧ ਤੋਂ ਵੱਧ 100 ਟਨ ਕਣਕ ਅਤੇ ਚੌਲਾਂ ਲਈ ਬੋਲੀ ਲਾ ਸਕਦੇ ਹਨ। ਕਣਕ ਅਤੇ ਚੌਲਾਂ ਨੂੰ ਈ-ਨਿਲਾਮੀ ਦੇ ਮਾਧਿਅਮ ਰਾਹੀਂ ਐੱਫ. ਸੀ. ਆਈ. ਦੇ ਦੇਸ਼ ਭਰ ’ਚ ਸਥਿਤ ਲਗਭਗ 500 ਗੋਦਾਮਾਂ ਤੋਂ ਭੇਜਿਆ ਜਾਵੇਗਾ।
ਹਾੜੀ ਸੀਜ਼ਨ ਦੇ ਬਾਵਜੂਦ ਨਹੀਂ ਘਟ ਰਹੀਆਂ ਕੀਮਤਾਂ
ਦੇਸ਼ ’ਚ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਹਾੜੀ ਅਤੇ ਸਾਉਣੀ ਦੇ ਮੌਸਮ ਦੀਆਂ ਫ਼ਸਲਾਂ ਮੰਡੀਆਂ ’ਚ ਪਹੁੰਚਦੀਆਂ ਹਨ ਤਾਂ ਖੁੱਲ੍ਹੇ ਬਾਜ਼ਾਰਾਂ ’ਚ ਕਣਕ ਅਤੇ ਚੌਲਾਂ ਤੋਂ ਇਲਾਵਾ ਹੋਰ ਅਨਾਜਾਂ ਦੀਆਂ ਕੀਮਤਾਂ ’ਚ ਕਮੀ ਆਉਂਦੀ ਹੈ ਪਰ ਇਸ ਵਾਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਹੈ। ਅਪ੍ਰੈਲ ’ਚ ਹਾੜੀ ਦੀ ਖਰੀਦ ਦਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਵੀ ਕਣਕ ਦੀਆਂ ਕੀਮਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਖੁੱਲ੍ਹੇ ਬਾਜ਼ਾਰਾਂ ਵਿਚ ਕਣਕ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ ਤੋਂ ਵੀ ਵੱਧ ਹੈ। ਅਜਿਹੇ ’ਚ ਇਸ ਵਾਰ ਸਰਕਾਰ ਦਾ ਕਣਕ ਖਰੀਦ ਦਾ ਟੀਚਾ ਵੀ ਪਿਛੜ ਗਿਆ ਹੈ। ਉੱਥੇ ਹੀ ਇਸ ਸਾਲ ਜਨਵਰੀ-ਫਰਵਰੀ ’ਚ ਜਦੋਂ ਕੀਮਤਾਂ 3000 ਰੁਪਏ ਤੋਂ ਪਾਰ ਨਿਕਲ ਗਈਆਂ ਸਨ ਤਾਂ ਵੀ ਸਰਕਾਰ ਨੂੰ ਦਖਲ ਦਿੰਦੇ ਹੋਏ ਖੁੱਲ੍ਹੇ ਬਾਜ਼ਾਰਾਂ ’ਚ ਕਣਕ ਦੀ ਵੱਡੀ ਖੇਪ ਵੇਚਣੀ ਪੈ ਗਈ ਸੀ।