ਫਲਿੱਪਕਾਰਟ ਸਪਲਾਈ ਬੇੜੇ 'ਚ ਸ਼ਾਮਲ ਕਰੇਗੀ 25,000 ਇਲੈਕਟ੍ਰਿਕ ਵਾਹਨ
Wednesday, Feb 24, 2021 - 02:04 PM (IST)

ਬੇਂਗਲੁਰੂ- ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਭਾਰਤ ਵਿਚ 2030 ਤੱਕ ਆਪਣੇ ਬੇੜੇ ਵਿਚ 25,000 ਇਲੈਕਟ੍ਰਿਕ ਵਾਹਨ ਸ਼ਾਮਲ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਇਲਾਵਾ ਫਲਿੱਪਕਾਰਟ ਆਪਣੇ ਡਿਲਿਵਰੀ ਹੱਬ ਅਤੇ ਦਫ਼ਤਰਾਂ ਦੇ ਆਸਪਾਸ ਚਾਰਜਿੰਗ ਇੰਫਰਾਸਟ੍ਰਕਚਰ ਸਥਾਪਤ ਕਰਨ ਵਿਚ ਵੀ ਸਹਾਇਤਾ ਕਰੇਗੀ।
ਬੁੱਧਵਾਰ ਨੂੰ ਫਲਿੱਪਕਾਰਟ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਪਹਿਲਾਂ ਹੀ ਦੇਸ਼ ਭਰ ਵਿਚ ਕਈ ਸਥਾਨਾਂ ਵਿਚ ਡਿਲਿਵਰੀ ਲਈ ਦੋਪਹੀਆ ਅਤੇ ਤਿੰਨ ਪਹੀਆ ਇਲੈਕਟ੍ਰਿਕ ਵਾਹਨਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਸਥਾਨਾਂ ਵਿਚ ਦਿੱਲੀ, ਬੇਂਗਲੁਰੂ, ਹੈਦਰਾਬਾਦ, ਕੋਲਕਾਤਾ, ਗੁਹਾਟੀ ਤੇ ਪੁਣੇ ਸ਼ਾਮਲ ਹਨ।
ਫਲਿੱਪਕਾਰਟ ਨੇ ਕਿਹਾ ਕਿ ਸਥਾਨਕ ਅਰਥਵਿਵਸਥਾ ਅਤੇ ਇਨੋਵੇਸ਼ਨ ਨੂੰ ਉਤਸ਼ਾਹਤ ਕਰਨ ਲਈ ਕੰਪਨੀ ਇੱਥੇ ਤਿਆਰ ਕੀਤੇ ਗਏ ਦੋਪਹੀਆ, ਤਿੰਨ ਪਹੀਆ ਤੇ ਚਾਰ ਪਹੀਆ ਇਲੈਕਟ੍ਰਿਕ ਵਾਹਨ ਆਪਣੇ ਬੇੜੇ ਵਿਚ ਸ਼ਾਮਲ ਕਰੇਗੀ। ਫਲਿੱਪਕਾਰਟ ਨੇ ਸਪਲਾਈ ਚੇਨ ਵਿਚ ਇਲੈਕਟ੍ਰਿਕ ਵਾਹਨ ਸ਼ਾਮਲ ਕਰਨ ਲਈ ਹੀਰੋ ਇਲੈਕਟ੍ਰਿਕ, ਮਹਿੰਦਰਾ ਇਲੈਕਟ੍ਰਿਕ ਅਤੇ ਪਿਆਜਿਓ ਨਾਲ ਕਰਾਰ ਕੀਤਾ ਹੈ।