ਆਮਰਪਾਲੀ ਦੀ ਪ੍ਰਾਪਰਟੀ ਦੇ ਨਹੀਂ ਮਿਲ ਰਹੇ ਖਰੀਦਦਾਰ, ਫਲੈਟ ਬਾਇਰਜ਼ ਦਾ ਇੰਤਜ਼ਾਰ ਹੋਇਆ ਲੰਮਾ

09/12/2019 10:07:41 AM

ਨਵੀਂ ਦਿੱਲੀ — ਆਮਰਪਾਲੀ ਦੇ ਪ੍ਰਾਜੈਕਟਸ ’ਚ ਫਲੈਟ ਖਰੀਦਣ ਵਾਲੇ ਗਾਹਕਾਂ ਦਾ ਦੁੱਖ ਘੱਟ ਹੁੰਦਾ ਨਹੀਂ ਵਿੱਖ ਰਿਹਾ। ਉਨ੍ਹਾਂ ਨੂੰ ਅਜੇ ਫਲੈਟ ਹਾਸਲ ਕਰਨ ਲਈ ਹੋਰ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਸਲ ’ਚ ਮੌਜੂਦਾ ਆਰਥਿਕ ਹਾਲਾਤ ’ਚ ਡਿਫਾਲਟਰ ਕੰਪਨੀ ਆਮਰਪਾਲੀ ਦੀ ਗੈਰ-ਰਿਹਾਇਸ਼ੀ ਪ੍ਰਾਪਰਟੀ ਦੇ ਖਰੀਦਦਾਰ ਨਹੀਂ ਮਿਲ ਰਹੇ ਕਿਉਂਕਿ ਬੈਂਕ ਇਸ ਪ੍ਰਾਪਰਟੀ ਲਈ ਲੋਨ ਦੇਣ ਨੂੰ ਤਿਆਰ ਨਹੀਂ ਹਨ।

ਦਿੱਲੀ ’ਚ ਡੇਟ ਰਿਕਵਰੀ ਟ੍ਰਿਬਿਊਨਲ (ਡੀ. ਆਰ. ਟੀ.) ਵੱਲੋਂ ਲਗਾਤਾਰ ਚੌਥੀ ਵਾਰ ਆਮਰਪਾਲੀ ਦੀ ਪ੍ਰਾਪਰਟੀਜ਼ ਨੂੰ ਵੇਚਣ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ ਹੈ ਕਿਉਂਕਿ ਬੈਂਕ ਇਸ ਪ੍ਰਾਪਰਟੀਜ਼ ਲਈ ਲੋਨ ਦੇਣ ਨੂੰ ਤਿਆਰ ਨਹੀਂ ਹਨ। ਆਮਰਪਾਲੀ ਦੇ ਰਿਹਾਇਸ਼ੀ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਕਰੀਬ 8,000 ਕਰੋਡ਼ ਰੁਪਏ ਦੀ ਲੋੜ ਹੈ, ਜਿਸ ’ਚੋਂ 4,000 ਕਰੋਡ਼ ਰੁਪਏ ਖਰੀਦਦਾਰਾਂ ਵੱਲੋਂ ਦਿੱਤੇ ਜਾਣੇ ਹਨ ਅਤੇ ਬਾਕੀ ਰਾਸ਼ੀ ਡੀ. ਆਰ. ਟੀ. ਨੂੰ ਆਮਰਪਾਲੀ ਦੀ ਕਈ ਪ੍ਰਾਪਰਟੀਜ਼ ਵੇਚ ਕੇ ਜੁਟਾਉਣੀ ਹੈ।

ਆਮਰਪਾਲੀ ਦੀਆਂ ਵੱਖ-ਵੱਖ ਸਾਈਟ ’ਤੇ ਉਸਾਰੀ ਕਾਰਜ 2015 ਤੋਂ ਹੀ ਬੰਦ ਹੋ ਚੁੱਕਾ ਹੈ। ਸੁਪਰੀਮ ਕੋਰਟ ਨੇ ਆਮਰਪਾਲੀ ਦੇ ਰੈਜ਼ੀਡੈਂਸ਼ੀਅਲ ਪ੍ਰਾਜੈਕਟਸ ਨੂੰ ਪੂਰਾ ਕਰਵਾਉਣ ਦੀ ਜ਼ਿੰਮੇਵਾਰੀ ਨੈਸ਼ਨਲ ਬਿਲਡਿੰਗਸ ਕੰਸਟਰਕਸ਼ਨ ਕਾਰਪੋਰੇਸ਼ਨ (ਐੱਨ. ਬੀ. ਸੀ. ਸੀ.) ਨੂੰ ਸੌਂਪੀ ਹੈ। ਆਮਰਪਾਲੀ ਦੇ ਪ੍ਰਾਜੈਕਟ ’ਚ ਮਕਾਨ ਖਰੀਦਣ ਵਾਲਿਆਂ ਵੱਲੋਂ ਸੀਨੀਅਰ ਵਕੀਲ ਮਿਹਰ ਕੁਮਾਰ ਨੇ ਦੱਸਿਆ ਕਿ ਬੈਂਕਾਂ ’ਚ ਵੱਧਦੇ ਫਸੇ ਕਰਜ਼ੇ, ਨਾਨ-ਪ੍ਰਫਾਰਮਿੰਗ ਐਸੇਟ (ਐੱਨ. ਪੀ. ਏ.) ਅਤੇ ਰੀਅਲ ਅਸਟੇਟ ਬਾਜ਼ਾਰ ’ਚ ਖਰਾਬ ਸੈਂਟੀਮੇਂਟ ਦੀ ਵਜ੍ਹਾ ਨਾਲ ਡਿਫਾਲਟਰ ਬਿਲਡਰ ਆਮਰਪਾਲੀ ਦੇ ਫਲੈਟਾਂ ਦੀ ਉਸਾਰੀ ਪੂਰੀ ਹੋਣ ਦੀ ਪ੍ਰਕਿਰਿਆ ’ਚ ਦੇਰੀ ਹੋ ਸਕਦੀ ਹੈ।

ਖਰੀਦਦਾਰਾਂ ਲਈ ਮਕਾਨ ਦੀ ਚਾਬੀ ਮਿਲਣਾ ਸੁਪਨਾ

ਸੁਪਰੀਮ ਕੋਰਟ ਦੇ ਸਾਫ ਨਿਰਦੇਸ਼ ਦੇ ਬਾਵਜੂਦ ਆਮਰਪਾਲੀ ਦੇ ਖਰੀਦਦਾਰਾਂ ਲਈ ਮਕਾਨ ਦੀ ਚਾਬੀ ਮਿਲਣਾ ਅਜੇ ਸੁਪਨਾ ਹੀ ਹੈ, ਕਿਉਂਕਿ ਡੇਟ ਰਿਕਵਰੀ ਟ੍ਰਿਬਿਊਨਲ ਆਮਰਪਾਲੀ ਦੀ ਪ੍ਰਾਪਰਟੀਜ਼ ਨੂੰ ਵੇਚਣ ’ਚ ਅਸਫਲ ਰਿਹਾ ਹੈ। ਕੁਮਾਰ ਨੇ ਕਿਹਾ ਕਿ ਮਕਾਨ ਖਰੀਦਦਾਰ ਜੇਕਰ ਆਪਣੇ ਹਿੱਸੇ ਦਾ ਪੂਰਾ ਪੈਸਾ ਜਮ੍ਹਾ ਕਰ ਦੇਣ ਤਾਂ ਵੀ ਪ੍ਰਾਜੈਕਟਸ ਨੂੰ ਪੂਰਾ ਕਰਨ ਲਈ ਜ਼ਰੂਰੀ ਫੰਡ ਦਾ 50 ਫੀਸਦੀ ਹਿੱਸਾ ਹੀ ਨਿਕਲ ਸਕੇਗਾ।

ਡੀ. ਆਰ. ਟੀ. ਵੱਲੋਂ ਆਮਰਪਾਲੀ ਦੇ ਗੈਰ-ਰਿਹਾਇਸ਼ੀ ਪ੍ਰਾਜੈਕਟਾਂ ਨੂੰ ਵੇਚਣ ਦੀ ਕੋਸ਼ਿਸ਼ ਵਾਰ-ਵਾਰ ਇਸ ਲਈ ਅਸਫਲ ਹੋ ਜਾਂਦੀ ਹੈ ਕਿਉਂਕਿ ਬੈਂਕ ਅਜਿਹੇ ਸੰਭਾਵਿਕ ਖਰੀਦਦਾਰਾਂ ਨੂੰ ਲੋਨ ਨਹੀਂ ਦੇ ਰਹੇ ਜਦੋਂਕਿ ਉਨ੍ਹਾਂ ਨੂੰ ਇਸ ਲਈ ਪੈਸਾ 15 ਦਿਨਾਂ ਦੇ ਅੰਦਰ ਕੈਸ਼ ਦੇਣਾ ਹੁੰਦਾ ਹੈ ਤਾਂ ਕਿਸੇ ਵਿਅਕਤੀ ਕੋਲ ਜੇਕਰ 100 ਕਰੋਡ਼ ਰੁਪਏ ਹੋਣਗੇ ਵੀ ਤਾਂ ਉਹ ਆਮਰਪਾਲੀ ਦੇ ਪ੍ਰਾਜੈਕਟ ਕਿਉਂ ਖਰੀਦੇਗਾ, ਜਦੋਂਕਿ ਬੈਂਕ ਲੋਨ ਦੀ ਮਦਦ ਨਾਲ ਉਹ ਅਜਿਹੇ ਦੂਜੇ 10 ਪ੍ਰਾਜੈਕਟ ਖਰੀਦ ਸਕਦਾ ਹੈ।

ਕਰੀਬ 46,000 ਹੋਮ ਬਾਇਰਜ਼ ਫਲੈਟ ਦੀ ਪੁਜ਼ੀਸ਼ਨ ਮਿਲਣ ਦੇ ਇੰਤਜ਼ਾਰ ’ਚ

ਆਮਰਪਾਲੀ ਦੇ ਕਰਜ਼ਿਆਂ ਦੀ ਵਸੂਲੀ ’ਚ ਸਫਲਤਾ ਮਿਲਣ ਦੇ ਕਿਸੇ ਸੰਕੇਤ ਨੂੰ ਨਾ ਵੇਖਦੇ ਹੋਏ ਹੁਣ ਹੋਮ ਬਾਇਰਜ਼ ਵੀ ਫਲੈਟ ਦੇ ਲੋਨ ਲਈ ਬਾਕੀ ਰਕਮ ਦੇਣ ਤੋਂ ਡਰ ਰਹੇ ਹਨ। ਪਿਛਲੇ ਇਕ ਦਹਾਕੇ ਤੋਂ ਆਮਰਪਾਲੀ ਦੇ ਵੱਖ-ਵੱਖ ਪ੍ਰਾਜੈਕਟਾਂ ’ਚ ਕਰੀਬ 46,000 ਹੋਮ ਬਾਇਰਜ਼ ਆਪਣੇ ਫਲੈਟ ਦੀ ਪੁਜ਼ੀਸ਼ਨ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਜ਼ਿਆਦਾ ਖਰੀਦਦਾਰਾਂ ਨੇ ਫਲੈਟ ਲਾਗਤ ਦਾ 80 ਤੋਂ 90 ਫੀਸਦੀ ਹਿੱਸਾ ਪਹਿਲਾਂ ਹੀ ਚੁੱਕਾ ਦਿੱਤਾ ਹੈ।


Related News