ਮਾਲੀਆ ਵਧਣ ’ਤੇ ਵਿੱਤੀ ਘਾਟਾ ਘੱਟ ਹੋਵੇਗਾ : ਮਾਲੀਆ ਸਕੱਤਰ
Friday, Feb 11, 2022 - 07:49 PM (IST)
ਕੋਲਕਾਤਾ (ਭਾਸ਼ਾ) – ਕੇਂਦਰੀ ਮਾਲੀਆ ਸਕੱਤਰ ਤਰੁਣ ਬਜਾਜ ਨੇ ਕਿਹਾ ਿਕ ਮਾਲੀਆ ਵਧਣ ’ਤੇ ਦੇਸ਼ ਦਾ ਵਿੱਤੀ ਘਾਟਾ ਘੱਟ ਹੋ ਜਾਏਗਾ। ਬੰਗਾਲ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਵੈਬੀਨਾਰ ’ਚ ਬਜਾਜ ਨੇ ਕਿਹਾ ਕਿ ਪੂੰਜੀਗਤ ਖਰਚੇ ’ਚ ਵਾਧੇ ਦੇ ਪਿਛੋਕੜ ’ਚ ਸਰਕਾਰ ਨੇ ਢਿੱਲੀ ਵਿੱਤੀ ਨੀਤੀ ਅਪਣਾਈ ਹੈ। ਮਾਲੀਆ ਸਕੱਤਰ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 6.9 ਫੀਸਦੀ ਹੈ। 2025-26 ਲਈ ਟੀਚਾ ਇਸ ਨੂੰ ਘਟਾ ਕੇ 4.5 ਫੀਸੀਦ ਤੱਕ ਲਿਆਉਣ ਦਾ ਹੈ। ਜੇ ਅਸੀਂ ਆਪਣੇ ਮਾਲੀਏ ’ਚ ਵਾਧਾ ਜਾਰੀ ਰੱਖਦੇ ਹਾਂ ਤਾਂ ਵਿੱਤੀ ਘਾਟਾ 0.1 ਜਾਂ 0.2 ਫੀਸਦੀ ਤੱਕ ਘੱਟ ਹੋ ਸਕਦਾ ਹੈ।
ਬਜਾਜ ਨੇ ਕਿਹਾ ਕਿ ਅਗਲੇ ਸਾਲ ਲਈ ਵਿੱਤੀ ਘਾਟੇ ਦੇ ਟੀਚਾ 6.4 ਫੀਸਦੀ ਹੈ ਅਤੇ ਸਰਕਾਰ ਕੋਲ ਇਸ ਨੂੰ ਹੋਰ ਘੱਟ ਕਰਨ ਦਾ ਮੌਕਾ ਸੀ। ਉਨ੍ਹਾਂ ਨੇ ਕਿਹਾ ਕਿ ਪਰ ਪੂੰਜੀਗਤ ਖਰਚ ’ਚ ਲਗਭਗ 35 ਫੀਸਦੀ ਦੇ ਵਾਧੇ ਨੇ ਸਾਨੂੰ ਵਿੱਤੀ ਘਾਟੇ ਉਸ ਪੱਧਰ ’ਤੇ ਬਣਾਈ ਰੱਖਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜੀ. ਡੀ. ਪੀ. ’ਚ ਬੜ੍ਹਤ ਜਾਰੀ ਰੱਖਣਾ ਚਾਹੁੰਦੀ ਹੈ। ਇਸ ਨਾਲ ਹੀ ਆਮਦਨ ਅਤੇ ਮਾਲੀਆ ਬਿਹਤਰ ਹੋਣਗੇ।