ਏਅਰੋਬ੍ਰਿਜ ਦਾ ਇਸਤੇਮਾਲ ਨਾ ਕਰਨ ਵਾਲੀਆਂ ਏਅਰਲਾਈਨਜ਼ ’ਤੇ ਜੁਰਮਾਨਾ ਲਾਇਆ ਜਾਵੇ : ਕਮੇਟੀ

Tuesday, Mar 15, 2022 - 01:38 PM (IST)

ਏਅਰੋਬ੍ਰਿਜ ਦਾ ਇਸਤੇਮਾਲ ਨਾ ਕਰਨ ਵਾਲੀਆਂ ਏਅਰਲਾਈਨਜ਼ ’ਤੇ ਜੁਰਮਾਨਾ ਲਾਇਆ ਜਾਵੇ : ਕਮੇਟੀ

ਨਵੀਂ ਦਿੱਲੀ (ਭਾਸ਼ਾ) – ਨਿੱਜੀ ਖੇਤਰ ਦੀ ਏਅਰਲਾਈਨਜ਼ ਜਹਾਜ਼ ’ਚ ਸਵਾਰ ਹੋਣ ਜਾਂ ਉਤਰਨ ਸਮੇਂ ਪੈਸਾ ਬਚਾਉਣ ਲਈ ਏਅਰੋਬ੍ਰਿਜ ਦਾ ਇਸਤੇਮਾਲ ਨਹੀਂ ਕਰ ਰਹੀ ਹੈ, ਜਿਸ ਨਾਲ ਬਜ਼ੁਰਗ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਪੌੜੀਆਂ ਦੀ ਵਰਤੋਂ ਕਰਨੀ ਪੈਂਦੀ ਹੈ। ਆਵਾਜਾਈ, ਸੈਰ-ਸਪਾਟਾ ਅਤੇ ਸੱਭਿਆਚਾਰ ’ਤੇ ਸੰਸਦੀ ਕਮੇਟੀ ਦੀ ਇਕ ਰਿਪੋਰਟ ’ਚ ਇਹ ਜ਼ਿਕਰ ਕੀਤਾ ਗਿਆ ਹੈ। ਏਅਰੋਬ੍ਰਿਜ ਕਿਸੇ ਹਵਾਈ ਅੱਡੇ ਦੇ ਟਰਮੀਨਲ ਦੇ ਐਂਟਰੀ ਗੇਟ ਨੂੰ ਉੱਥੇ ਖੜ੍ਹੇ ਕਿਸੇ ਜਹਾਜ਼ ਦੇ ਗੇਟ ਨਾਲ ਸਿੱਧੇ ਜੋੜਨ ਦਾ ਕੰਮ ਕਰਦਾ ਹੈ। ਕਮੇਟੀ ਦੀ ਸੋਮਵਾਰ ਨੂੰ ਰਾਜ ਸਭਾ ’ਚ ਪੇਸ਼ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਿੱਜੀ ਏਅਰਲਾਈਨਜ਼ ਦਾ ਇਹ ਰੁਖ ਕਾਫੀ ਉਦਾਸੀਨ ਅਤੇ ਅਣਉਚਿੱਤ ਹੈ। ਕਮੇਟੀ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੂੰ ਅਜਿਹੀ ਏਅਰਲਾਈਨਜ਼ ’ਤੇ ਜੁਰਮਾਨਾ ਲਾਉਣ ਦਾ ਸੁਝਾਅ ਦਿੱਤਾ ਹੈ।

ਰਿਪੋਰਟ ਮੁਤਾਬਕ ਕਈ ਹਵਾਈ ਅੱਡਿਆਂ ’ਤੇ ਏਅਰੋਬ੍ਰਿਜ ਦੀ ਸਹੂਲਤ ਮੁਹੱਈਆ ਹੈ ਪਰ ਏਅਰਲਾਈਨਜ਼ ਮੁਸਾਫਰਾਂ ਨੂੰ ਜਹਾਜ਼ ’ਤੇ ਸਵਾਰ ਕਰਨ ਜਾਂ ਉਤਾਰਨ ਲਈ ਇਨ੍ਹਾਂ ਦਾ ਇਸਤੇਮਾਲ ਨਹੀਂ ਕਰ ਰਹੀਆਂ ਹਨ। ਇਸ ਦੀ ਥਾਂ ਪੌੜੀਆਂ ਦਾ ਇਸਤੇਮਾਲ ਕਰਦੀਆਂ ਹਨ। ਰਿਪੋਰਟ ਕਹਿੰਦੀ ਹੈ ਕਿ ਹਵਾਬਾਜ਼ੀ ਕੰਪਨੀਆਂ ਮੁਸਾਫਰਾਂ ਤੋਂ ਏਅਰੋਬ੍ਰਿਜ ਸਹੂਲਤ ਦੀ ਫੀਸ ਵਸੂਲ ਕਰਦੀਆਂ ਹਨ ਪਰ ਆਪ੍ਰੇਟਿੰਗ ਲਾਗਤ ਨੂੰ ਘਟਾਉਣ ਲਈ ਉਹ ਇਨ੍ਹਾਂ ਦਾ ਇਸਤੇਮਾਲ ਨਹੀਂ ਕਰਦੀਆਂ। ਇਸੇ ਕਾਰਨ ਵਿਸ਼ੇਸ਼ ਤੌਰ ’ਤੇ ਬਜ਼ੁਰਗ ਮੁਸਾਫਰਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਪੌੜੀਆਂ ਦਾ ਇਸਤੇਮਾਲ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ।


author

Harinder Kaur

Content Editor

Related News