ਜਾਣੋ ਕਦੋਂ ਆਵੇਗਾ ਪਤੰਜਲੀ ਦਾ IPO, ਬਾਬਾ ਰਾਮ ਦੇਵ ਨੇ ਦਿੱਤੀ ਜਾਣਕਾਰੀ
Thursday, Jul 22, 2021 - 01:39 PM (IST)
ਨਵੀਂ ਦਿੱਲੀ - ਪਤੰਜਲੀ ਦੇ IPO ਬਾਰੇ ਬਾਬਾ ਰਾਮਦੇਵ ਨੇ ਵੱਡਾ ਖੁਲਾਸਾ ਕੀਤਾ ਹੈ। ਬਾਬਾ ਰਾਮ ਦੇਵ ਨੇ ਦੱਸਿਆ ਕਿ ਕੰਪਨੀ ਦਾ ਆਈ.ਪੀ.ਓ. ਇਸ ਸਾਲ ਨਹੀਂ ਆਵੇਗਾ, ਪਰ ਇਸ ਵਿੱਤੀ ਸਾਲ ਦੇ ਅੰਤ ਤੱਕ ਇਸ ਸੰਬੰਧ ਵਿਚ ਫੈਸਲਾ ਲਿਆ ਜਾ ਸਕਦਾ ਹੈ। ਬਾਬਾ ਰਾਮ ਦੇਵ ਨੇ ਇਹ ਵੀ ਕਿਹਾ ਕਿ ਅੱਜ ਕੱਲ ਉਹ ਰੁਚੀ ਸੋਇਆ ਦੇ ਫਾਲੋ-ਆਨ ਪਬਲਿਕ ਆੱਫਰ (ਐਫ.ਪੀ.ਓ.) ਦੇ ਸਬੰਧ ਵਿੱਚ ਵੱਖ-ਵੱਖ ਸੰਸਥਾਗਤ ਨਿਵੇਸ਼ਕਾਂ ਨੂੰ ਮਿਲ ਰਹੇ ਹਨ।
ਬਾਬਾ ਰਾਮਦੇਵ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਪਤੰਜਲੀ ਦੇ ਆਈ.ਪੀ.ਓ. ਦੇ ਸੰਬੰਧ ਵਿੱਚ ਜਲਦ ਹੀ ਫੈਸਲਾ ਲਵਾਂਗੇ। ਇਸ ਦੇ ਲਈ ਥੋੜਾ ਇੰਤਜ਼ਾਰ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਨਿਵੇਸ਼ਕ ਰੁਚੀ ਸੋਇਆ ਦੇ ਇਸ਼ੂ 'ਤੇ ਚੰਗੀ ਰੁਚੀ ਦਿਖਾ ਰਹੇ ਹਨ। ਇਸ ਦੀ ਕੀਮਤ ਦਾ ਫੈਸਲਾ ਸਾਰੇ ਮੌਜੂਦਾ ਅਤੇ ਸੰਭਾਵੀ ਸ਼ੇਅਰ ਧਾਰਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਵੇਗਾ। ਉਸਦੀ ਯੋਜਨਾ ਕੰਪਨੀ ਨੂੰ ਇਕ ਵੱਡੀ ਐਫਐਫਸੀਜੀ ਕੰਪਨੀ ਵਿਚ ਬਦਲਣ ਦੀ ਹੈ।
ਇਹ ਵੀ ਪੜ੍ਹੋ : RBI ਖ਼ਿਲਾਫ਼ SC ਪਹੁੰਚੇ ਸਟੇਟ ਬੈਂਕ ਸਮੇਤ ਕਈ ਨਿੱਜੀ ਬੈਂਕ, ਜਾਣੋ ਕੀ ਹੈ ਮਾਮਲਾ
ਪਤੰਜਲੀ ਦੀ ਟਰਨਓਵਰ
ਵਿੱਤ ਸਾਲ 2021 ਵਿਚ ਪਤੰਜਲੀ ਦਾ ਟਰਨਓਵਰ 30,000 ਕਰੋੜ ਰੁਪਏ ਤੋਂ ਜ਼ਿਆਦਾ ਸੀ। ਇਸ ਵਿਚੋਂ ਰੁਚੀ ਸੋਇਆ ਦੀ ਵਿਕਰੀ ਵਿਚ ਯੋਗਦਾਨ 16,318 ਕਰੋੜ ਰੁਪਏ ਦਾ ਸੀ। ਬਾਬਾ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਨੇ ਦੀਵਾਲੀਆ ਕੰਪਨੀ ਨਿਊਟ੍ਰਿਲਾ ਸੋਇਆ ਚੰਕ ਨੂੰ ਜੁਲਾਈ 2019 ਵਿੱਚ 4,350 ਕਰੋੜ ਰੁਪਏ ਵਿੱਚ ਖਰੀਦਿਆ ਸੀ। ਰਲੇਵੇਂ ਦੀ ਪ੍ਰਕਿਰਿਆ 2019 ਵਿੱਚ ਪੂਰੀ ਹੋ ਗਈ ਸੀ। 27 ਜਨਵਰੀ 2020 ਨੂੰ ਕੰਪਨੀ ਦਾ ਸਟਾਕ ਦੁਬਾਰਾ ਸਟਾਕ ਐਕਸਚੇਂਜ ਵਿੱਚ 17 ਰੁਪਏ ਦੀ ਕੀਮਤ ਤੇ ਸੂਚੀਬੱਧ ਹੋਇਆ। ਮੰਗਲਵਾਰ ਨੂੰ ਇਹ 1,177.80 ਰੁਪਏ 'ਤੇ ਬੰਦ ਹੋਇਆ।
ਰੁਚੀ ਸੋਇਆ ਵਿਚ ਪ੍ਰਮੋਟਰ ਹਿੱਸੇਦਾਰੀ 98.9 ਫੀਸਦ ਹੈ ਅਤੇ ਇਸ ਨੂੰ ਦਸੰਬਰ 2022 ਤਕ ਇਸ ਨੂੰ ਘਟਾ ਕੇ 75 ਫ਼ੀਸਦੀ ਕਰਨਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਉਸਦਾ ਟੀਚਾ ਹੈ ਕਿ ਉਹ ਦੋ ਸਾਲਾਂ ਦੇ ਅੰਦਰ-ਅੰਦਰ ਕੰਪਨੀ ਨੂੰ ਕਰਜ਼ਾ ਮੁਕਤ ਬਣਾਏਗਾ। ਕੰਪਨੀ ਦਾ ਕਹਿਣਾ ਹੈ ਕਿ ਐੱਫ ਪੀ ਓ ਤੋਂ ਪ੍ਰਾਪਤ ਹੋਈ ਰਕਮ ਵਿਚੋਂ 2,663 ਕਰੋੜ ਰੁਪਏ ਕਰਜ਼ਾ ਉਤਾਰਨ ਲਈ ਤੇ 593.4 ਕਰੋੜ ਰੁਪਏ ਕਾਰਜਸ਼ੀਲ ਪੂੰਜੀ ‘ਤੇ ਖਰਚ ਕੀਤੇ ਜਾਣਗੇ। ਬਾਕੀ ਰਕਮ ਆਮ ਕਾਰਪੋਰੇਟ ਉਦੇਸ਼ਾਂ ਲਈ ਵਰਤੀ ਜਾਏਗੀ।
ਇਹ ਵੀ ਪੜ੍ਹੋ : ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਵਧੀਆਂ DryFruit ਦੀਆਂ ਕੀਮਤਾਂ, ਬੇਲਗਾਮ ਹੋਏ ਕਾਜੂ ਤੇ ਸੌਗੀ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।