ਗੈਸ ਦੀਆਂ ਕੀਮਤਾਂ ਵਧਣ ਨਾਲ ONGC ਤੇ ਰਿਲਾਇੰਸ ਦੀ ਜਾਣੋ ਕਿੰਨੀ ਵਧੇਗੀ ਆਮਦਨ

Sunday, Apr 03, 2022 - 03:29 PM (IST)

ਨਵੀਂ ਦਿੱਲੀ (ਭਾਸ਼ਾ) - ਸਰਕਾਰੀ ਮਾਲਕੀ ਵਾਲੀ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ.) ਨੂੰ ਗੈਸ ਦੀਆਂ ਕੀਮਤਾਂ ਦੁੱਗਣੀ ਹੋਣ ਕਾਰਨ ਇਸ ਵਿੱਤੀ ਸਾਲ ਦੌਰਾਨ ਆਪਣੀ ਸਾਲਾਨਾ ਆਮਦਨ 3 ਬਿਲੀਅਨ ਡਾਲਰ ਵਧਣ ਦੀ ਉਮੀਦ ਹੈ, ਜਦਕਿ ਨਿੱਜੀ ਖੇਤਰ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਆਮਦਨ 1.5 ਅਰਬ ਡਾਲਰ ਵਧ ਸਕਦੀ ਹੈ।

ਮੋਰਗਨ ਸਟੈਨਲੀ ਨੇ ਆਪਣੀ ਇਕ ਰਿਪੋਰਟ 'ਚ ਇਹ ਅੰਦਾਜ਼ਾ ਜ਼ਾਹਰ ਕੀਤਾ ਹੈ। ਰਿਪੋਰਟ ਅਨੁਸਾਰ ਤੇਲ ਬਾਜ਼ਾਰਾਂ ਵਿਚ ਤਿੰਨ-ਪੱਧਰੀ ਗਿਰਾਵਟ (ਭੰਡਾਰ, ਨਿਵੇਸ਼ ਅਤੇ ਵਾਧੂ ਸਮਰੱਥਾ) ਆਉਣ ਨਾਲ ਘਰੇਲੂ ਗੈਸ ਉਤਪਾਦਨ ਵਿੱਚ ਇਕ ਦਹਾਕੇ ਬਾਅਦ ਹੋਏ ਵਾਧੇ ਨਾਲ ਗੈਸ ਕੰਪਨੀਆਂ ਲਈ ਮੁਨਾਫਾ ਕਮਾਉਣ ਦਾ ਇੱਕ ਚੱਕਰ ਸ਼ੁਰੂ ਹੋਣ ਦੀ ਸਥਿਤੀ ਬਣੀ ਹੈ।

ਸਰਕਾਰ ਨੇ ਤੇਲ ਉਤਪਾਦਕਾਂ ਅਤੇ ਰੈਗੂਲਰ ਫੀਲਡਾਂ ਲਈ ਗੈਸ ਦੀ ਕੀਮਤ 1 ਅਪ੍ਰੈਲ ਤੋਂ 2.9 ਡਾਲਰ ਪ੍ਰਤੀ ਐਮਐਮਬੀਟੀਯੂ ਤੋਂ ਵਧਾ ਕੇ ਰਿਕਾਰਡ 6.10 ਡਾਲਰ ਪ੍ਰਤੀ ਯੂਨਿਟ ਕਰ ਦਿੱਤੀ ਹੈ। ਰਿਲਾਇੰਸ ਦੇ ਡੂੰਘੇ ਸਮੁੰਦਰੀ ਖੇਤਰਾਂ ਦੀ ਖੁਦਾਈ ਤੋਂ ਔਖੀ ਗੈਸ ਲਈ ਕੀਮਤ 62 ਫੀਸਦੀ ਵਧਾ ਕੇ 9.92 ਡਾਲਰ ਪ੍ਰਤੀ mmBtu ਕਰ ਦਿੱਤੀ ਗਈ ਹੈ।

ਓ.ਐਨ.ਜੀ.ਸੀ. ਦਾ ਘਰੇਲੂ ਗੈਸ ਉਤਪਾਦਨ ਦਾ 58 ਪ੍ਰਤੀਸ਼ਤ ਹਿੱਸਾ ਹੈ ਅਤੇ ਗੈਸ ਦੀਆਂ ਕੀਮਤਾਂ ਵਿੱਚ 1 ਡਾਲਰ ਪ੍ਰਤੀ ਐਮਐਮਬੀਟੀਯੂ ਦੀ ਤਬਦੀਲੀ ਨਾਲ ਇਸਦੀ ਕਮਾਈ ਨੂੰ ਪੰਜ-ਅੱਠ ਪ੍ਰਤੀਸ਼ਤ ਤੱਕ ਫੇਰਬਦਲ ਹੋ ਸਕਦਾ ਹੈ।

ਮੋਰਗਨ ਸਟੈਨਲੀ ਦੀ ਰਿਪੋਰਟ ਦੇ ਅਨੁਸਾਰ, "ਵਿੱਤੀ ਸਾਲ 2022-23 ਵਿੱਚ ONGC ਦੀ ਸਾਲਾਨਾ ਆਮਦਨ ਵਿਚ 3 ਅਰਬ ਡਾਲਰ ਤੱਕ ਵਧਣ ਦੀ ਉਮੀਦ ਹੈ। ਇਸ ਤੋਂ ਇਲਾਵਾ ਓ.ਐਨ.ਜੀ.ਸੀ ਦੀ ਪੂੰਜੀ 'ਤੇ ਰਿਟਰਨ ਵੀ ਇਕ ਦਹਾਕੇ ਬਾਅਦ 20 ਫੀਸਦੀ ਤੋਂ ਉੱਪਰ ਹੋਣ ਵਾਲਾ ਹੈ।

ਡੂੰਘੇ ਸਮੁੰਦਰੀ ਖੇਤਰਾਂ ਅਤੇ ਭਾਰੀ ਦਬਾਅ ਅਤੇ ਉੱਚ ਤਾਪਮਾਨ ਵਾਲੇ ਮੁਸ਼ਕਲ ਗੈਸ ਉਤਪਾਦਨ ਕਰਨ ਵਾਲੇ ਖੇਤਰਾਂ ਤੋਂ ਗੈਸ ਦੀਆਂ ਕੀਮਤਾਂ ਵੀ 3.8 ਡਾਲਰ ਪ੍ਰਤੀ ਐਮਐਮਬੀਟੀਯੂ ਵਧ ਕੇ 9.9 ਡਾਲਰ ਦੇ ਭਾਅ 'ਤੇ ਜਾ ਪਹੁੰਚੀ ਹੈ। ਇਸ ਨਾਲ ONGC ਦੇ KG-DWN-98/2 ਫੀਲਡ ਤੋਂ ਨਿਕਲਣ ਵਾਲੀ ਗੈਸ 'ਤੇ ਵੀ ਇਹ ਦਰਾਂ ਲਾਗੂ ਹੋਣਗੀਆਂ।

ਰਿਲਾਇੰਸ ਦੀ ਵੀ ਵਧੇਗੀ ਆਮਦਨ

ਰਿਲਾਇੰਸ ਦੇ ਡੂੰਘੇ ਸਮੁੰਦਰ ਵਿਚ ਸਥਿਤ KG-D6 ਬਲਾਕ ਤੋਂ ਗੈਸ ਉਤਪਾਦਨ 1.8 ਕਰੋੜ ਘਣ ਮੀਟਰ ਪ੍ਰਤੀ ਦਿਨ ਦੇ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਮਾਰਚ 2024 ਤੱਕ ਇਸ ਦੇ ਪ੍ਰਤੀ ਦਿਨ 2.7 ਕਰੋੜ ਘਣ ਮੀਟਰ ਤੱਕ ਪਹੁੰਚਣ ਦੀ ਉਮੀਦ ਹੈ। ਰਿਪੋਰਟ 'ਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਗੈਸ ਦੀਆਂ ਕੀਮਤਾਂ 'ਚ ਵਾਧੇ ਨਾਲ ਰਿਲਾਇੰਸ ਦੀ ਸਾਲਾਨਾ ਆਮਦਨ 1.5 ਅਰਬ ਡਾਲਰ ਵਧ ਜਾਵੇਗੀ।

ਇਸ ਦੇ ਨਾਲ ਹੀ ਮੋਰਗਨ ਸਟੈਨਲੀ ਨੇ ਅਕਤੂਬਰ 2022 'ਚ ਹੋਣ ਵਾਲੀ ਅਗਲੀ ਸਮੀਖਿਆ ਦੌਰਾਨ ਗੈਸ ਦੀਆਂ ਕੀਮਤਾਂ 'ਚ ਹੋਰ 25 ਫੀਸਦੀ ਵਾਧੇ ਦੀ ਵੀ ਭਵਿੱਖਬਾਣੀ ਕੀਤੀ ਹੈ। ਇਹ ਇਸ ਲਈ ਹੈ ਕਿਉਂਕਿ ਚਾਰ ਗਲੋਬਲ ਬੈਂਚਮਾਰਕ ਗੈਸ ਦੀਆਂ ਕੀਮਤਾਂ ਘੱਟ ਸਪਲਾਈ ਕਾਰਨ ਤੇਜ਼ੀ ਨਾਲ ਰਹਿ ਸਕਦੀਆਂ ਹਨ।

ਭਾਰਤ ਚਾਰ ਗਲੋਬਲ ਗੈਸ ਹੱਬ NBP, ਹੈਨਰੀ ਹੱਬ, ਅਲਬਰਟਾ ਅਤੇ ਰੂਸ ਗੈਸ 'ਤੇ ਪਿਛਲੇ 12 ਮਹੀਨਿਆਂ ਦੌਰਾਨ ਗੈਸ ਦੀਆਂ ਕੀਮਤਾਂ ਦੇ ਆਧਾਰ 'ਤੇ ਘਰੇਲੂ ਗੈਸ ਦੀ ਕੀਮਤ ਨਿਰਧਾਰਤ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News