ਸੂਬੇ ਬੈਂਕ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ : ਵਿੱਤ ਮੰਤਰਾਲਾ

07/10/2020 2:51:14 AM

ਨਵੀਂ ਦਿੱਲੀ – ਵਿੱਤ ਮੰਤਰਾਲਾ ਨੇ ਸੂਬਿਆਂ ਅਤੇ ਸੰਘ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਹਾਲ ਹੀ ਦੇ ਦਿਨਾਂ ‘ਚ ਦੇਸ਼ ਦੇ ਕੁਝ ਹਿੱਸਿਆਂ ‘ਚ ਬੈਂਕ ਕਰਮਚਾਰੀਆਂ ‘ਤੇ ਹਮਲੇ ਦੀਆਂ ਘਟਨਾਵਾਂ ਤੋਂ ਬਾਅਦ ਬੈਂਕ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਕਰਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ। ਸੂਤਰਾਂ ਨੇ ਕਿਹਾ ਕਿ ਵਿੱਤੀ ਸੇਵਾ ਵਿਭਾਗ ਨੇ ਸੂਬਿਆਂ ਅਤੇ ਸੰਘ ਸ਼ਾਸਿਤ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ‘ਚ ਕਿਹਾ ਹੈ ਕਿ ਅਸਮਾਜਿਕ ਅਨਸਰਾਂ ਵਲੋਂ ਬੈਂਕ ਕਰਮਚਾਰੀਆਂ ਨਾਲ ਕੀਤੇ ਜਾਣ ਵਾਲੇ ਬੁਰੇ ਵਰਤਾਓ ਦਾ ਜਵਾਬ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰ ਕੇ ਦਿੱਤਾ ਜਾਣਾ ਚਾਹੀਦਾ ਹੈ। ਪਿਛਲੇ ਮਹੀਨੇ ਕੇਨਰਾ ਬੈਂਕ (ਮੌਜੂਦਾ ਸਿੰਡੀਕੇਟ ਬੈਂਕ) ਵਿਚ ਇਕ ਮਹਿਲਾ ਬੈਂਕ ਕਰਮਚਾਰੀ ‘ਤੇ ਸੂਰਤ ਦੀ ਸਰੋਲੀ ਬ੍ਰਾਂਚ ‘ਚ ਇਕ ਪੁਲਸ ਕਾਂਸਟੇਬਲ ਨੇ ਹਮਲਾ ਕੀਤਾ ਸੀ। ਘਟਨਾ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਰੋਸਾ ਦਿੱਤਾ ਸੀ ਕਿ ਸਾਰੇ ਬੈਂਕ ਕਰਮਚਾਰੀਆਂ ਦੀ ਸੁਰੱਖਿਆ ਅਹਿਮ ਹੈ। ਸੂਰਤ ਹਮਲੇ ਤੋਂ ਬਾਅਦ ਮਹਾਰਾਸ਼ਟਰ ‘ਚ ਬੈਂਕ ਆਫ ਇੰਡੀਆ ਦੇ ਕਰਮਚਾਰੀਆਂ ‘ਤੇ ਹਮਲੇ ਸਮੇਤ ਕੁਝ ਹੋਰ ਘਟਨਾਵਾਂ ਹੋਈਆਂ।

ਪੱਤਰ ਬਾਰੇ ਅਖਿਲ ਭਾਰਤੀ ਬੈਂਕ ਕਰਮਚਾਰੀ ਸੰਘ ਦੇ ਜਨਰਲ ਸਕੱਤਰ ਸੀ. ਐੱਚ. ਵੈਂਕਟਚਲਮ ਨੇ ਕਿਹਾ ਕਿ ਆਖਿਰਕਾਰ ਮਾਮਲਾ ਸਰਕਾਰ ਦੇ ਧਿਆਨ ‘ਚ ਆਇਆ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ‘ਚ ਬੈਂਕਿੰਗ ਸੇਵਾਵਾਂ ਬੇਹੱਦ ਅਹਿਮ ਹਨ ਅਤੇ ਅਜਿਹੇ ਹਮਲੇ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਜਿੱਠਣ ਦੀ ਲੋੜ ਹੈ।


Inder Prajapati

Content Editor

Related News