ਬਾਜ਼ਾਰ ਦੀ ਗਿਰਾਵਟ ’ਤੇ ਬੋਲੀ ਵਿੱਤ ਮੰਤਰੀ, ਕਿਹਾ- ਨਹੀਂ ਹੈ ਡਰਨ ਦੀ ਜ਼ਰੂਰਤ
Tuesday, Feb 18, 2025 - 05:06 AM (IST)

ਮੁੰਬਈ (ਭਾਸ਼ਾ) - ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਬਿਕਵਾਲੀ ਤੋਂ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਾਡੀ ਅਰਥਵਿਵਸਥਾ ਮਜ਼ਬੂਤ ਹੈ, ਅਸੀਂ ਇਸ ਨਾਲ ਨਜਿੱਠ ਲਵਾਂਗੇ।
ਮੁੰਬਈ ’ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਬਾਜ਼ਾਰ ’ਚ ਗਿਰਾਵਟ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਸਭ ਠੀਕ ਹੈ। ਸ਼ੇਅਰ ਮਾਰਕੀਟ ’ਚ ਬਿਕਵਾਲੀ ਦਾ ਦੌਰ ਹਾਵੀ ਹੈ। ਨਿਵੇਸ਼ਕਾਂ ਦੇ ਹਜ਼ਾਰਾਂ ਕਰੋਡ਼ ਡੁੱਬ ਗਏ ਹਨ। ਮਾਰਕੀਟ ’ਚ ਉਥਲ-ਪੁਥਲ ਦਾ ਕਾਰਨ ਅਮਰੀਕਾ ਦੀ ਟੈਰਿਫ ਧਮਕੀ, ਸੋਨੇ ਦੀਆਂ ਕੀਮਤਾਂ ਦਾ ਵਧਣਾ ਤਾਂ ਹੈ ਹੀ, ਇਸ ਤੋਂ ਇਲਾਵਾ ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ ਕਰਨ ਨਾਲ ਵੀ ਬਾਜ਼ਾਰ ਦਾ ਬੁਰਾ ਹਾਲ ਹੋਇਆ ਹੈ।
ਲੱਗਭਗ 45-46 ਦਿਨਾਂ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਹਰ ਰੋਜ਼ ਔਸਤਨ 2,150 ਕਰੋਡ਼ ਰੁਪਏ ਤੋਂ ਜ਼ਿਆਦਾ ਕੱਢ ਲਏ ਹਨ। ਜਨਵਰੀ ਦੇ ਮਹੀਨੇ ’ਚ ਇਹ ਅੰਕੜਾ 78,000 ਕਰੋਡ਼ ਰੁਪਏ ਸੀ, ਜਿਸ ਦਾ ਸਿੱਧਾ ਅਸਰ ਦਲਾਲ ਸਟਰੀਟ ’ਤੇ ਪੈ ਰਿਹਾ ਹੈ।
ਗਲੋਬਲ ਬੇਭਰੋਸਗੀ ’ਚ ਐੱਫ. ਆਈ. ਆਈ. ਕਰਦੇ ਹਨ ਬਿਕਵਾਲੀ
ਸੀਤਾਰਾਮਨ ਨੇ ਕਿਹਾ ਕਿ ਅਜੇ ਗਲੋਬਲ ਬੇਭਰੋਸਗੀ ਦਾ ਸਮਾਂ ਚੱਲ ਰਿਹਾ ਹੈ। ਅਜਿਹੇ ’ਚ ਵਿਦੇਸ਼ੀ ਨਿਵੇਸ਼ਕ ਬਿਕਵਾਲੀ ਕਰਦੇ ਹਨ। ਇਸ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਵਿਦੇਸ਼ੀ ਨਿਵੇਸ਼ਕ ਲਾਭ ਕਮਾਉਣ ਲਈ ਬਿਕਵਾਲੀ ਕਰਦੇ ਹਨ। ਭਾਰਤੀ ਸ਼ੇਅਰ ਬਾਜ਼ਾਰ ਦੀ ਸਥਿਤੀ ਮਜ਼ਬੂਤ ਹੈ।
ਨਵੇਂ ਆਈ. ਟੀ. ਬਿੱਲ ’ਤੇ ਮਿਲੇ 60,000 ਤੋਂ ਜ਼ਿਆਦਾ ਇਨਪੁਟ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਗੇ ਕਿਹਾ ਕਿ ਹਰ ਐੱਮ. ਐੱਸ. ਐੱਮ. ਈ. ਕਲੱਸਟਰ ’ਚ ਸਿਡਬੀ ਦੀਆਂ ਬਰਾਂਚਾਂ ਹੋਣਗੀਆਂ। ਇਸ ਵਾਰ ਦੇ ਬਜਟ ’ਚ ਸਭ ਦਾ ਵਾਧਾ ਹੋਵੇ, ਇਸ ’ਤੇ ਧਿਆਨ ਦਿੱਤਾ ਗਿਆ ਹੈ। ਬਾਕੀ ਉੱਭਰਦੇ ਬਾਜ਼ਾਰ ਤੋਂ ਪੈਸੇ ਕੱਢਣ ਦੀ ਖਬਰ ਗਲਤ ਹੈ। ਜਦੋਂ ਵੀ ਕਦੇ ਗਲੋਬਲ ਤਣਾਅ ਦੀ ਸਥਿਤੀ ਬਣਦੀ ਹੈ, ਉਦੋਂ ਵਿਦੇਸ਼ੀ ਨਿਵੇਸ਼ਕ ਬਿਕਵਾਲੀ ਕਰਦੇ ਹਨ। ਭਾਰਤ ਦੀ ਅਰਥਵਿਵਸਥਾ ਮਜ਼ਬੂਤ ਹੈ। ਅਸੀਂ ਸਾਰੇ ਸੈਕਟਰਾਂ ’ਤੇ ਧਿਆਨ ਦਿੱਤਾ ਹੈ। ਨਵੇਂ ਆਮਦਨ ਟੈਕਸ (ਆਈ. ਟੀ.) ਬਿੱਲ ’ਤੇ ਵੀ ਸਾਨੂੰ 60,000 ਤੋਂ ਜ਼ਿਆਦਾ ਇਨਪੁਟ ਮਿਲੇ ਹਨ।