ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ: ਬੈਂਕਾਂ ਨੂੰ ਗਾਹਕਾਂ ਲਈ ਪ੍ਰਕਿਰਿਆ ਹੋਰ ਆਸਾਨ ਬਣਾਉਣ ਦੀ ਲੋੜ
Monday, Feb 21, 2022 - 05:57 PM (IST)
ਮੁੰਬਈ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਬੈਂਕਾਂ ਨੂੰ ਵਧੇਰੇ ਗਾਹਕ ਪੱਖੀ ਹੋਣਾ ਚਾਹੀਦਾ ਹੈ। ਇਸ ਨਾਲ ਕਰਜ਼ਦਾਰਾਂ ਦੀਆਂ ਪਰੇਸ਼ਾਨੀਆਂ ਘੱਟ ਹੋਣਗੀਆਂ। ਉਹ ਬਜਟ ਤੋਂ ਬਾਅਦ ਸੋਮਵਾਰ ਨੂੰ ਦੋ ਦਿਨਾਂ ਦੌਰੇ 'ਤੇ ਮੁੰਬਈ ਪਹੁੰਚੀ ਸੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਬੈਂਕਾਂ ਨੂੰ ਗਾਹਕਾਂ ਨੂੰ ਸਹੂਲਤਾਂ ’ਤੇ ਹੋਰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਕਰਜ਼ਾ ਲੈਣ ਵਾਲਿਆਂ ਲਈ ਪ੍ਰਕਿਰਿਆ ਨੂੰ ਹੋਰ ਸੌਖਾਲਾ ਕੀਤਾ ਜਾ ਸਕੇ। ਹਾਲਾਂਕਿ ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਬੈਂਕਾਂ ਨੂੰ ਗਾਹਕਾਂ ਲਈ ਕਰਜ਼ਾ ਦੇਣ ਨੂੰ ਲੈ ਕੇ ਕਰਜ਼ਾ ਮਾਪਦੰਡਾਂ ਦੇ ਮਾਮਲੇ ’ਚ ਕੋਈ ਢਿੱਲ ਨਹੀਂ ਵਰਤਣੀ ਚਾਹੀਦੀ।
ਉਦਯੋਗ ਪ੍ਰਤੀਨਿਧੀਆਂ ਅਤੇ ਵਿੱਤ ਮੰਤਰੀ ਦਰਮਿਆਨ ਬੈਠਕ ’ਚ ਬੈਂਕ ਕਾਰੋਬਾਰ ਨਾਲ ਸਬੰਧਤ ਇਕ ਸਟਾਰਟਅਪ ਸੰਸਥਾਪਕ ਨੇ ਰੁਕਾਵਟ ਰਹਿਤ ਕਰਜ਼ੇ ਦਾ ਸੁਝਾਅ ਦਿੱਤਾ। ਇਸ ’ਤੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਨੇ ਕਿਹਾ ਕਿ ਸਟਾਰਟਅਪ ਦੀ ਚਿੰਤਾ ਵਧੇਰੇ ਇਕਵਿਟੀ ਨੂੰ ਲੈ ਕੇ ਹੈ ਅਤੇ ਉਨ੍ਹਾਂ ਨੇ ਲੋੜੀਂਦੀ ਇਕਵਿਟੀ ਹੋਣ ’ਤੇ ਕਰਜ਼ਾ ਦੇਣ ਦਾ ਭਰੋਸਾ ਦਿਵਾਇਆ। ਬਾਅਦ ’ਚ ਉਨ੍ਹਾਂ ਨੇ ਸੂਖਮ ਅਤੇ ਲਘੂ ਉੱਦਮਾਂ ਲਈ ਸਰਕਾਰ ਦੀ ਕਰਜ਼ਾ ਗਾਰੰਟੀ ਫੰਡ ਟਰੱਸਟ ਦਾ ਵੀ ਜ਼ਿਕਰ ਕੀਤਾ।
ਇਸ ’ਤੇ ਸੀਤਾਰਮਣ ਨੇ ਕਿਹਾ ਕਿ ਸਵਾਲ ਪੁੱਛਣ ਵਾਲੀ ਔਰਤ ਇਕ ਨਵੇਂ ਤਰੀਕੇ ਦੇ ਉੱਦਮ ਦਾ ਸੰਚਾਲਨ ਕਰ ਰਹੀ ਹੈ। ਉਨ੍ਹਾਂ ਨੇ ਬੈਂਕ ਭਾਈਚਾਰੇ ਲਈ ਕੁੱਝ ਸੁਝਾਅ ਦਿੱਤੇ ਅਤੇ ਉਨ੍ਹਾਂ ਦੇ ਰੁਖ ਨੂੰ ਲੈ ਕੇ ਵੀ ਗੱਲ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਨੂੰ ਵੱਧ ਤੋਂ ਵੱਧ ਗਾਹਕ ਅਨੁਕਲੂ ਬਣਨ ਦੀ ਲੋੜ ਹੈ। ਪਰ ਇਹ ਪ੍ਰਤੀਕੂਲ ਜੋਖਮ ਲੈਣ ਦੀ ਲਿਮਿਟ ਤੱਕ ਨਾ ਹੋਵੇ।