ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਵਜ੍ਹਾ ਨਾਲ ਛੱਡੀ ਸੀ ਨੌਕਰੀ : ਗਰਗ
Saturday, Oct 31, 2020 - 07:07 PM (IST)
ਨਵੀਂ ਦਿੱਲੀ- ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿਚ ਹੀ ਵਿੱਤ ਮੰਤਰਾਲਾ ਤੋਂ ਹਟਾਏ ਗਏ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਸ਼ਨੀਵਾਰ ਨੂੰ ਕਿਹਾ ਕਿ ਨਵੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਨ੍ਹਾਂ ਨੂੰ ਵਿੱਤ ਮੰਤਰਾਲੇ ਤੋਂ ਬਾਹਰ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਚੰਗੇ ਸੰਬੰਧ ਨਹੀਂ ਸਨ ਅਤੇ ਇਸ ਕਾਰਨ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਸਵੈਇੱਛੁਕ ਸੇਵਾਮੁਕਤ ਹੋ ਗਏ। ਗਰਗ ਨੂੰ ਜੁਲਾਈ 2019 ਵਿਚ ਵਿੱਤ ਮੰਤਰਾਲਾ ਤੋਂ ਬਿਜਲੀ ਮੰਤਰਾਲਾ ਵਿਚ ਟਰਾਂਸਫਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਵੈਇੱਛੁਕ ਰਿਟਾਇਰਮੈਂਟ (ਵੀ. ਆਰ. ਐੱਸ.) ਲਈ ਅਰਜ਼ੀ ਦਿੱਤੀ ਸੀ ਅਤੇ 31 ਅਕਤੂਬਰ, 2019 ਨੂੰ ਉਨ੍ਹਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ।
ਵਿੱਤ ਮੰਤਰਾਲਾ ਅਤੇ ਸੀਤਾਰਮਨ ਦੇ ਦਫ਼ਤਰ ਨੇ ਗਰਗ ਦੇ ਬਲਾਗ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਗਰਗ ਨੇ ਇਕ ਬਲਾਗ ਵਿਚ ਲਿਖਿਆ, “ਸ੍ਰੀਮਤੀ ਸੀਤਾਰਮਨ ਨੇ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਦੇ ਇਕ ਮਹੀਨੇ ਦੇ ਅੰਦਰ ਹੀ ਜੂਨ 2019 ਵਿਚ ਵਿੱਤ ਮੰਤਰਾਲੇ ਤੋਂ ਮੇਰੇ ਤਬਾਦਲੇ ‘ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ।” ਗਰਗ ਨੇ ਲਿਖਿਆ ਕਿ ਉਹ ਸਾਧਾਰਣ ਤੌਰ 'ਤੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੁੰਦੇ ਪਰ ਵੀ. ਆਰ. ਐੱਸ. ਲੈਣੀ ਪਈ। ਉਂਝ ਉਨ੍ਹਾਂ ਦਾ ਸੇਵਾਕਾਲ 31 ਅਕਤੂਬਰ, 2020 ਨੂੰ ਸਮਾਪਤ ਹੁੰਦਾ। ਉਨ੍ਹਾਂ ਅੱਗੇ ਕਿਹਾ, ''ਨਵੀਂ ਵਿੱਤ ਮੰਤਰੀ ਨਾਲ ਮੇਰੇ ਚੰਗੇ ਸਬੰਧ ਨਹੀਂ ਸਨ ਅਤੇ ਮੈਂ ਵਿੱਤ ਮੰਤਰਾਲਾ ਦੇ ਬਾਹਰ ਕਿਤੇ ਕੰਮ ਨਹੀਂ ਕਰਨਾ ਚਾਹੁੰਦਾ ਸੀ।''