ਫਿਓ ਨੇ ਸਰਕਾਰ ਨੂੰ ਕਿਹਾ, ''ਈ. ਯੂ. ਨਾਲ ਜਲਦ ਹੋਵੇ ਮੁਕਤ ਵਪਾਰ ਕਰਾਰ''

Sunday, Jun 14, 2020 - 06:40 PM (IST)

ਫਿਓ ਨੇ ਸਰਕਾਰ ਨੂੰ ਕਿਹਾ, ''ਈ. ਯੂ. ਨਾਲ ਜਲਦ ਹੋਵੇ ਮੁਕਤ ਵਪਾਰ ਕਰਾਰ''

ਨਵੀਂ ਦਿੱਲੀ— ਭਾਰਤੀ ਬਰਾਮਦਕਾਰਾਂ ਦੇ ਸੰਗਠਨ ਫਿਓ ਨੇ ਵਣਜ ਮੰਤਰੀ ਪਿਊਸ਼ ਗੋਇਲ ਨੂੰ ਲੰਮੇ ਸਮੇਂ ਤੋਂ ਯੂਰਪੀ ਸੰਘ (ਈ. ਯੂ.) ਨਾਲ ਲਟਕੇ ਮੁਕਤ ਵਪਾਰ ਕਰਾਰ (ਐੱਫ. ਟੀ. ਏ.) ਨੂੰ ਪੂਰਾ ਕਰਨ ਲਈ ਗੱਲਬਾਤ ਦੀ ਪ੍ਰਕਿਰਿਆ ਤੇਜ਼ ਕਰਨ ਨੂੰ ਕਿਹਾ ਹੈ।

ਭਾਰਤ ਤੇ ਈ. ਯੂ. ਇਕ ਤਰਕਸ਼ੀਲ ਐੱਫ. ਟੀ. ਏ. ਕਰਨਾ ਚਾਹੁੰਦੇ ਹਨ। ਅਧਿਕਾਰਤ ਤੌਰ 'ਤੇ ਇਸ ਨੂੰ ਦੋ-ਪੱਖੀ ਵਪਾਰ ਤੇ ਨਿਵੇਸ਼ ਕਰਾਰ (ਬੀ. ਟੀ. ਆਈ. ਏ.) ਕਿਹਾ ਜਾਂਦਾ ਹੈ। ਵੱਖ-ਵੱਖ ਮੁੱਦਿਆਂ 'ਤੇ ਮਤਭੇਦ ਦੇ ਮੱਦੇਨਜ਼ਰ ਇਸ ਕਰਾਰ ਨੂੰ ਲੈ ਕੇ ਗੱਲਬਾਤ ਮਈ 2013 ਤੋਂ ਰੁਕੀ ਹੋਈ ਹੈ।
ਫਿਓ ਦੇ ਮੁਖੀ ਐੱਸ. ਕੇ. ਸਰਾਫ ਨੇ ਕਿਹਾ ਕਿ ਭਾਰਤ ਦੇ ਇਕ ਮਜਬੂਤ ਮੁਕਾਬਲੇਬਾਜ਼ ਵਿਅਤਨਾਮ ਨੇ ਈ. ਯੂ. ਨਾਲ ਪਹਿਲਾਂ ਹੀ ਇਸ ਬਾਰੇ ਕਰਾਰ ਕਰ ਲਿਆ ਹੈ। ਇਸ ਦੇ ਜੁਲਾਈ-ਅਗਸਤ 2020 ਤੋਂ ਲਾਗੂ ਹੋਣ ਦੀ ਉਮੀਦ ਹੈ। ਫਿਓ ਨੇ ਗੋਇਲ ਨੂੰ ਲਿਖੇ ਪੱਤਰ 'ਚ ਕਿਹਾ, ''ਈ. ਯੂ. ਸਾਡਾ ਵੱਡਾ ਬਰਾਮਦ ਬਾਜ਼ਾਰ ਹੈ। ਸਾਡੀ ਕੁੱਲ ਬਰਾਮਦ 'ਚ ਉਸ ਦਾ ਹਿੱਸਾ 18 ਫੀਸਦੀ ਹੈ। ਵਿਅਤਨਾਮ ਭਾਰਤ ਦਾ ਨਜ਼ਦੀਕੀ ਮੁਕਾਬਲੇਬਾਜ਼ ਹੈ। 2019 'ਚ ਈ. ਯੂ. ਨੂੰ ਸਾਡੀ ਬਰਾਮਦ 58.4 ਅਰਬ ਡਾਲਰ ਰਹੀ, ਜਦੋਂ ਕਿ ਵਿਅਤਨਾਮ ਦੀ ਬਰਾਮਦ 52.2 ਅਰਬ ਡਾਲਰ ਰਿਹਾ।'' ਫਿਓ ਦੇ ਮੁਖੀ ਨੇ ਕਿਹਾ ਕਿ ਕਰਾਰ 'ਤੇ ਦਸਤਖਤ ਨਾਲ ਹੁਣ ਯੂਰਪੀ ਸੰਘ ਦੇ ਬਾਜ਼ਾਰਾਂ 'ਚ ਵਿਅਤਨਾਮ ਦੇ ਉਤਪਾਦਾਂ ਨੂੰ ਸਾਡੇ ਉਤਪਾਦਾਂ ਦੇ ਮੁਕਾਬਲੇ ਫਾਇਦਾ ਹੋਵੇਗਾ। ਉਨ੍ਹਾਂ ਦੇ ਉਤਪਾਦਾਂ ਦੀ ਕੀਮਤ ਭਾਰਤ ਦੇ ਉਤਪਾਦਾਂ ਦੀ ਤੁਲਨਾ 'ਚ ਸਸਤੀ ਬੈਠੇਗੀ। ਸਰਾਫ ਨੇ ਕਿਹਾ ਕਿ ਇਹ ਸਥਿਤੀ ਕਈ ਭਾਰਤੀ ਉਤਪਾਦਾਂ ਜਿਵੇਂ ਕਪੜੇ, ਜੁੱਤੀਆਂ-ਚਪਲਾਂ, ਚਮੜਾ ਉਤਪਾਦ, ਫਰਨੀਚਰ, ਚਾਹ, ਕੌਫੀ ਅਤੇ ਸਮੁੰਦਰੀ ਉਤਪਾਦਾਂ ਲਈ ਚੁਣੌਤੀਪੂਰਨ ਹੋਵੇਗੀ।


author

Sanjeev

Content Editor

Related News