ਫਿੱਕੀ ਦਾ ਸਰਕਾਰ ਨੂੰ ਫੇਰੋਨਿੱਕਲ ''ਤੇ ਕਸਟਮ ਡਿਊਟੀ ''ਜ਼ੀਰੋ'' ਕਰਨ ਦਾ ਸੁਝਾਅ
Sunday, Jan 16, 2022 - 05:40 PM (IST)
ਨਵੀਂ ਦਿੱਲੀ- ਉਦਯੋਗ ਮੰਡਲ ਫਿੱਕੀ ਨੇ ਆਮ ਬਜਟ ਤੋਂ ਪਹਿਲੇ ਸਰਕਾਰ ਤੋਂ ਫੇਰੋਨਿੱਕਲ 'ਤੇ ਬੁਨਿਆਦੀ ਕਸਟਮ ਡਿਊਟੀ (ਬੀ.ਸੀ.ਡੀ) ਘਟਾ ਕੇ ਜ਼ੀਰੋ ਕਰਨ ਅਤੇ ਸਟੇਨਲੈੱਸ ਸਟੀਲ ਫਲੈਟ ਉਤਪਾਦਾਂ 'ਤੇ ਆਯਾਤ ਡਿਊਟੀ ਵਧਾ ਕੇ 12.5 ਫੀਸਦੀ ਕਰਨ ਦੀ ਬੇਨਤੀ ਕੀਤੀ ਹੈ।
ਫਿੱਕੀ ਨੇ ਆਪਣੀਆਂ ਬਜਟ ਸਿਫਾਰਿਸ਼ਾਂ 'ਚ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਟੇਨਲੈੱਸ ਸਟੀਲ ਕਬਾੜ (ਸਕ੍ਰੈਪ) 'ਤੇ 31 ਮਾਰਚ 2022 ਤੋਂ ਬਾਅਦ ਵੀ ਕੋਈ ਡਿਊਟੀ ਨਹੀਂ ਲਗਾਈ ਜਾਵੇ।
ਅਜੇ ਫੇਰੋਨਿੱਕਲ 'ਤੇ ਬੀ.ਸੀ.ਡੀ. 2.5 ਫੀਸਦੀ ਅਤੇ ਸਟੇਨਲੈੱਸ ਸਟੀਲ ਫਲੈਟ ਉਤਪਾਦਾਂ 'ਤੇ 7.5 ਫੀਸਦੀ ਹੈ। ਸਟੇਨਲੈੱਸ ਸਟੀਲ ਸਕ੍ਰੈਪ 'ਤੇ 31 ਮਾਰਚ 2022 ਤੱਕ ਜ਼ੀਰੋ ਕਸਟਮ ਡਿਊਟੀ ਦੀ ਵਿਵਸਥਾ ਹੈ।
ਫੋਰੋਨਿੱਕਲ 'ਤੇ ਜ਼ੀਰੋ ਡਿਊਟੀ ਦੀ ਮੰਗ ਕਰਦੇ ਹੋਏ ਫਿੱਕੀ ਨੇ ਕਿਹਾ ਕਿ ਇਹ ਸਟੇਨਲੈੱਸ ਸਟੀਲ ਦੇ ਨਿਰਮਾਣ ਲਈ ਸਭ ਤੋਂ ਮੁੱਖ ਕੱਚਾ ਮਾਲ ਹੈ। ਉਸ ਨੇ ਕਿਹਾ ਕਿ ਸ਼ੁੱਧ ਨਿੱਕਲ ਸਬੰਧੀ ਲੋੜਾਂ ਫੇਰੋਨਿੱਕਲ ਅਤੇ ਸਟੇਨਲੈੱਸ ਸਟੀਲ ਸਕ੍ਰੈਪ ਦੇ ਰਾਹੀਂ ਪੂਰੀ ਹੁੰਦੀ ਹੈ।
ਦੇਸ਼ 'ਚ ਨਿੱਕਲ ਧਾਤ 'ਚ ਘਾਟ ਹੈ ਇਸ ਲਈ ਇਥੇ ਫੇਰੋਨਿੱਕਲ ਦਾ ਉਤਪਾਦਨ ਨਹੀਂ ਹੁੰਦਾ ਹੈ। ਅਜਿਹੇ 'ਚ ਘਰੇਲੂ ਸਟੇਨਲੈੱਸ ਸਟੀਲ ਨਿਰਮਾਤਾਵਾਂ ਨੂੰ ਇਸ ਨੂੰ ਜਾਪਾਨ, ਦੱਖਣੀ ਕੋਰੀਆ ਅਤੇ ਯੂਨਾਨ ਵਰਗੇ ਦੇਸ਼ਾਂ ਤੋਂ ਆਯਾਤ ਕਰਨਾ ਪੈਂਦਾ ਹੈ।
ਫਿੱਕੀ ਨੇ ਕਿਹਾ ਹੈ ਕਿ ਸਟੇਨਲੈੱਸ ਸਟੀਲ ਫਲੈਟ ਉਤਪਾਦਾਂ ਦਾ ਆਯਾਤ ਬੀਤੇ ਕੁਝ ਮਹੀਨਿਆਂ 'ਚ ਬਹੁਤ ਤੇਜ਼ੀ ਨਾਲ ਵਧਿਆ ਹੈ। 2020-21 'ਚ ਔਸਤ ਮਾਸਿਕ ਆਯਾਤ 34,105 ਟਨ ਸੀ ਜੋ ਜੁਲਾਈ 2021 'ਚ 127 ਫੀਸਦੀ ਵਧ ਕੇ 77,337 ਟਨ 'ਤੇ ਪਹੁੰਚ ਗਿਆ।
ਉਦਯੋਗ ਮੰਡਲ ਨੇ ਕਿਹਾ ਕਿ ਉੱਚ ਆਯਾਤ ਨਾਲ ਘਰੇਲੂ ਉਦਯੋਗ 'ਤੇ ਪ੍ਰਤੀਕੂਲ ਅਸਰ ਪੈ ਰਿਹਾ ਹੈ ਜਦੋਂਕਿ ਘਰੇਲੂ ਮੰਗ ਦੀ ਪੂਰਤੀ ਕਰਨ ਦੀ ਸਮਰੱਥਾ ਘਰੇਲੂ ਉਦਯੋਗ 'ਚ ਹੈ।