ਫੈਡਰਲ ਰਿਜ਼ਰਵ ਜੂਨ ''ਚ ਮਹਿੰਗਾ ਕਰ ਸਕਦੈ ਕਰਜ਼ਾ, ਫਿਲਹਾਲ ਦਰਾਂ ਬਰਕਰਾਰ
Thursday, May 03, 2018 - 11:08 AM (IST)

ਵਾਸ਼ਿੰਗਟਨ— ਅਮਰੀਕੀ ਫੈਡਰਲ ਰਿਜ਼ਰਵ ਦੀ ਪਾਲਿਸੀ ਕਮੇਟੀ ਨੇ ਦੋ ਦਿਨਾਂ ਦੀ ਬੈਠਕ ਦੇ ਬਾਅਦ ਬੁੱਧਵਾਰ ਨੂੰ ਸਰਬਸੰਮਤੀ ਨਾਲ ਵਿਆਜ ਦਰਾਂ 'ਚ ਕੋਈ ਤਬਦੀਲੀ ਨਾ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਉਸ ਨੇ ਸੰਕੇਤ ਦਿੱਤਾ ਹੈ ਕਿ ਇਸ ਸਾਲ 2 ਵਾਰ ਵਿਆਜ ਦਰਾਂ ਵਧਾਈਆਂ ਜਾ ਸਕਦੀਆਂ ਹਨ। ਅਮਰੀਕੀ ਕੇਂਦਰੀ ਬੈਂਕ ਨੇ ਪ੍ਰਮੁੱਖ ਵਿਆਜ ਦਰਾਂ ਨੂੰ 1.50-1.75 'ਤੇ ਬਰਕਰਾਰ ਰੱਖਿਆ ਹੈ। ਫੈਡਰਲ ਰਿਜ਼ਰਵ ਦੀ ਪਾਲਿਸੀ ਕਮੇਟੀ ਮੁਤਾਬਕ ਖਾਣ-ਪੀਣ ਅਤੇ ਬਿਜਲੀ, ਈਂਧਣ ਦੇ ਇਲਾਵਾ ਹੋਰ ਚੀਜ਼ਾਂ ਦੀ ਵੀ ਮਹਿੰਗਾਈ 2 ਫੀਸਦੀ ਦੇ ਨਜ਼ਦੀਕ ਪਹੁੰਚ ਗਈ ਹੈ।
ਪਿਛਲੇ ਮਹੀਨੇ ਮਾਰਚ 'ਚ ਫੈਡਰਲ ਨੇ ਮਹਿੰਗਾਈ 2 ਫੀਸਦੀ ਦੇ ਦਾਇਰੇ 'ਚ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ ਸੀ। ਬਾਜ਼ਾਰਾਂ ਜਾਣਕਾਰਾਂ ਮੁਤਾਬਕ, ਮਹਿੰਗਾਈ 2 ਫੀਸਦੀ 'ਤੇ ਪਹੁੰਚਣ 'ਤੇ ਅੱਗੇ ਚੱਲ ਕੇ ਵਿਆਜ ਦਰਾਂ 'ਚ ਵਾਧਾ ਕੀਤਾ ਜਾ ਸਕਦਾ ਹੈ ਕਿਉਂਕਿ ਫੈਡਰਲ ਦੇ ਅਧਿਕਾਰੀ 2 ਫੀਸਦੀ ਨੂੰ ਮਹਿੰਗਾਈ ਦਾ ਉੱਚ ਪੱਧਰ ਮੰਨਦੇ ਹਨ। ਮੰਨਿਆ ਜਾ ਰਿਹਾ ਹੈ ਕਿ ਜੂਨ 'ਚ ਹੋਣ ਵਾਲੀ ਬੈਠਕ 'ਚ ਫੈਡਰਲ ਰਿਜ਼ਰਵ ਵਿਆਜ ਦਰਾਂ ਵਧਾ ਸਕਦਾ ਹੈ, ਜਿਸ ਨਾਲ ਕਰਜ਼ਾ ਮਹਿੰਗਾ ਹੋ ਜਾਵੇਗਾ। ਇਸ ਤੋਂ ਪਹਿਲਾਂ ਮਾਰਚ 'ਚ ਫੈਡਰਲ ਨੇ ਇਸ ਸਾਲ ਪਹਿਲੀ ਵਾਰ ਵਿਆਜ ਦਰਾਂ 'ਚ 0.25 ਫੀਸਦੀ ਦਾ ਵਾਧਾ ਕੀਤਾ ਸੀ।
ਹਾਲਾਂਕਿ ਅਮਰੀਕੀ ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਅਰਥਵਿਵਸਥਾ ਦੀ ਰਫਤਾਰ ਬਿਹਤਰ ਹੋਈ ਹੈ, ਜੋ ਕਿ ਆਉਣ ਵਾਲੇ ਮਹੀਨਿਆਂ 'ਚ ਹੋਰ ਮਜ਼ਬੂਤ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਅਮਰੀਕਾ ਦੀ ਜੀ. ਡੀ. ਪੀ. ਗ੍ਰੋਥ 2.3 ਫੀਸਦੀ ਵਧੀ ਹੈ, ਜਦੋਂ ਕਿ 2.0 ਫੀਸਦੀ ਦਾ ਅਨੁਮਾਨ ਜਤਾਇਆ ਜਾ ਰਿਹਾ ਸੀ। ਉੱਥੇ ਹੀ ਅਮਰੀਕੀ ਕੇਂਦਰੀ ਬੈਂਕ ਨੇ ਇਹ ਨਹੀਂ ਦੱਸਿਆ ਕਿ ਇਸ ਸਾਲ ਵਿਆਜ ਦਰਾਂ 'ਚ ਹੋਰ ਦੋ ਵਾਰ ਜਾਂ ਤਿੰਨ ਵਾਰ ਵਾਧਾ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਇਹ ਅਰਥਵਿਵਸਥਾ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗਾ। ਜੇਕਰ ਫੈਡਰਲ ਰਿਜ਼ਰਵ ਵਿਆਜ ਦਰਾਂ 'ਚ ਵਾਧਾ ਕਰਦਾ ਹੈ, ਤਾਂ ਇਸ ਨਾਲ ਕਰਜ਼ਾ ਮਹਿੰਗਾ ਹੋਵੇਗਾ ਅਤੇ ਸ਼ੇਅਰ ਬਾਜ਼ਾਰ ਦੇ ਮੁਕਾਬਲੇ ਬਾਂਡ ਬਾਜ਼ਾਰ ਜ਼ਿਆਦਾ ਆਕਰਸ਼ਕ ਹੋਵੇਗਾ। ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੇ ਸੰਕੇਤ ਨਾਲ ਅਮਰੀਕੀ ਸਟਾਕ ਬਾਜ਼ਾਰ ਪਹਿਲਾਂ ਹੀ ਚਿੰਤਾ 'ਚ ਹਨ।