ਭਾਰਤੀ ਬਾਜ਼ਾਰ ’ਚ ਨਵਾਂ ਸੋਨਾ ਘਪਲਾ, ‘ਬੰਗਲਾਦੇਸ਼ੀ ਰੈੱਡ ਗੋਲਡ’ ਦੇ ਨਾਂ ਨਾਲ ਹੋ ਰਹੀ ਵਿਕਰੀ
Thursday, Jan 29, 2026 - 10:54 PM (IST)
ਨਵੀਂ ਦਿੱਲੀ– ਭਾਰਤੀ ਬਾਜ਼ਾਰ ਵਿਚ ਇਨ੍ਹੀਂ ਦਿਨੀਂ ‘ਬੰਗਲਾਦੇਸ਼ੀ ਰੈੱਡ ਗੋਲਡ’ ਨਾਂ ਦਾ ਇਕ ਨਵਾਂ ਘਪਲਾ ਹੋ ਰਿਹਾ ਹੈ। ਇਹ ਧਾਤੂ ਦੇਖਣ ਵਿਚ 100 ਫੀਸਦੀ ਅਸਲੀ 24 ਕੈਰੇਟ ਸੋਨੇ ਵਰਗੀ ਲੱਗਦੀ ਹੈ ਪਰ ਅਸਲ ’ਚ ਇਸ ਵਿਚ ਸੋਨੇ ਦੀ ਇਕ ਬੂੰਦ ਵੀ ਨਹੀਂ ਹੁੰਦੀ। ਇਸ ਨੂੰ ਸਸਤੇ ਬੇਸ ਮੈਟਲ ਜਿਵੇਂ ਤਾਂਬੇ, ਨਿੱਕਲ ਤੇ ਜ਼ਿੰਕ ਨਾਲ ਤਿਆਰ ਕੀਤਾ ਜਾਂਦਾ ਹੈ।
ਇਸ ਨਕਲੀ ਮਿਸ਼ਰਤ ਧਾਤੂ ਨੂੰ ਇਸ ਤਰ੍ਹਾਂ ਪਾਲਿਸ਼ ਕੀਤਾ ਜਾਂਦਾ ਹੈ ਕਿ ਇਸ ਦੀ ਚਮਕ, ਰੰਗ ਤੇ ਬਨਾਵਟ ਬਿਲਕੁਲ ਸ਼ੁੱਧ ਸੋਨੇ ਵਰਗੀ ਨਜ਼ਰ ਆਉਂਦੀ ਹੈ।
ਇਹ ਨਕਲੀ ਸੋਨਾ ਬੀ. ਆਈ. ਐੱਸ. ਹਾਲਮਾਰਕ ਜਾਂ ਐੱਚ. ਯੂ. ਆਈ. ਡੀ. ਕੋਡ ਤੋਂ ਬਿਨਾਂ ਵੇਚਿਆ ਜਾਂਦਾ ਹੈ, ਜਿਸ ਕਾਰਨ ਇਸ ਦੀ ਮੁੜ-ਵਿਕਰੀ ਨਹੀਂ ਹੁੰਦੀ।
ਮੈਗਨੇਟ ਟੈਸਟ ਨਾਲ ਕਰੋ ਪਛਾਣ
ਪਛਾਣ ਲਈ ਸਭ ਤੋਂ ਪਹਿਲਾਂ ਮੈਗਨੇਟ ਟੈਸਟ ਕਰੋ। ਅਸਲੀ ਸੋਨਾ ਚੁੰਬਕ ਨਾਲ ਨਹੀਂ ਚਿਪਕਦਾ, ਜਦੋਂਕਿ ਕਈ ਨਕਲੀ ਧਾਤੂਆਂ ਚਿਪਕ ਜਾਂਦੀਆਂ ਹਨ।
ਹਾਲਾਂਕਿ ਕੁਝ ਐਡਵਾਂਸ ਫੇਕ ਇਸ ਟੈਸਟ ਵਿਚ ਵੀ ਪਾਸ ਹੋ ਜਾਂਦੇ ਹਨ, ਇਸ ਲਈ ਹਮੇਸ਼ਾ ਬੀ. ਆਈ. ਐੱਸ. (ਬਿਊਰੋ ਆਫ ਇੰਡੀਅਨ ਸਟੈਂਡਰਡਸ) ਹਾਲਮਾਰਕ (ਜਿਵੇਂ 916–22 ਕੈਰੇਟ) ਅਤੇ 6 ਅੰਕਾਂ ਵਾਲਾ ਐੱਚ. ਯੂ. ਆਈ. ਡੀ. (ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ) ਕੋਡ ਦੇਖੋ ਅਤੇ ਉਸ ਨੂੰ ਬੀ. ਆਈ. ਐੱਸ. ਕੇਅਰ ਐਪ ਰਾਹੀਂ ਵੈਰੀਫਾਈ ਕਰੋ।
ਨਾਈਟ੍ਰਿਕ ਐਸਿਡ ਤੇ ਐਕਸ. ਆਰ. ਐੱਫ. ਮਸ਼ੀਨ ਨਾਲ ਕਰੋ ਜਾਂਚ
ਘਰੇਲੂ ਜਾਂਚ ਵਿਚ ਨਾਈਟ੍ਰਿਕ ਐਸਿਡ ਟੈਸਟ ਕੀਤਾ ਜਾ ਸਕਦਾ ਹੈ। ਅਸਲੀ ਸੋਨੇ ’ਤੇ ਇਸ ਦਾ ਕੋਈ ਅਸਰ ਨਹੀਂ ਪੈਂਦਾ, ਜਦੋਂਕਿ ਨਕਲੀ ਧਾਤੂ ਹਰਾ ਰੰਗ ਦਿਖਾਉਂਦੀ ਹੈ। ਇਸ ਤੋਂ ਇਲਾਵਾ ਘਣਤਾ ਦੀ ਜਾਂਚ ਵੀ ਮਦਦਗਾਰ ਹੈ ਪਰ ਪੂਰੀ ਤਰ੍ਹਾਂ ਯਕੀਨੀ ਹੋਣ ਲਈ ਭਰੋਸੇਮੰਦ ਜਿਊਲਰ ਕੋਲ ਐਕਸ. ਆਰ. ਐੱਫ. ਮਸ਼ੀਨ ਟੈਸਟ ਕਰਵਾਉਣਾ ਸਭ ਤੋਂ ਸੁਰੱਖਿਅਤ ਤਰੀਕਾ ਹੈ।
ਮਾਹਿਰਾਂ ਦੀ ਸਲਾਹ ਹੈ ਕਿ ਹਮੇਸ਼ਾ ਪ੍ਰਮਾਣਿਤ ਤੇ ਭਰੋਸੇਮੰਦ ਜਿਊਲਰਜ਼ ਤੋਂ ਹੀ ਸੋਨਾ ਖਰੀਦੋ ਤਾਂ ਜੋ ਇਸ ਵਧਦੇ ਫਰਾਡ ਤੋਂ ਬਚਿਆ ਜਾ ਸਕੇ।
