ਮੇਟਾ ਕੰਪਨੀ ਦੀ ਤੀਜੀ ਤਿਮਾਹੀ 'ਚ ਮਾਲੀਏ 'ਚ ਗਿਰਾਵਟ ਦਰਜ, ਨਿਵੇਸ਼ਕਾਂ ਲਈ ਖਤਰੇ ਦੀ ਘੰਟੀ
Thursday, Oct 27, 2022 - 10:56 AM (IST)
ਨਵੀਂ ਦਿੱਲੀ- ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਆਪਣੀ ਤੀਜੀ ਤਿਮਾਹੀ ਵਿੱਚ ਮਾਲੀਏ ’ਚ ਗਿਰਾਵਟ ਦਰਜ ਕੀਤੀ ਹੈ। ਕੰਪਨੀ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਮੇਟਾ ਦੇ ਮਾਲੀਏ 'ਚ ਚਾਰ ਫੀਸਦੀ ਦੀ ਕਮੀ ਆਈ ਹੈ। ਹੁਣ ਮਾਲੀਆ 29 ਬਿਲੀਅਨ ਡਾਲਰ ਤੋਂ ਘਟ ਕੇ 27.7 ਬਿਲੀਅਨ ਡਾਲਰ ਹੋ ਗਿਆ ਹੈ। ਉਧਰ ਮੇਟਾ ਨੇ ਆਪਣੇ ਬਿਆਨ 'ਚ ਕਿਹਾ ਕਿ ਇਸ ਨਾਲ ਨਜਿੱਠਣ ਲਈ ਮਹੱਤਵਪੂਰਨ ਬਦਲਾਅ ਦੀ ਯੋਜਨਾ ਬਣਾਈ ਜਾ ਰਹੀ ਹੈ।
ਕੰਪਨੀ 'ਚ ਹੋ ਸਕਦੇ ਹਨ ਮਹੱਤਵਪੂਰਨ ਬਦਲਾਅ
ਮੇਟਾ ਨੇ ਦੱਸਿਆ ਕਿ ਫੇਸਬੁੱਕ 'ਤੇ ਮਹੀਨੇ 'ਚ ਸਰਗਰਮ ਉਪਭੋਗਤਾਵਾਂ ਦੀ ਗਿਣਤੀ ਸਤੰਬਰ ਦੇ ਅੰਤ ਤੱਕ ਦੋ ਫੀਸਦੀ ਵਧ ਕੇ 2.96 ਅਰਬ ਹੋ ਗਈ ਹੈ। ਇਸ ਦੇ ਨਾਲ ਹੀ ਕੰਪਨੀ 'ਚ ਕਰਮਚਾਰੀਆਂ ਦੀ ਗਿਣਤੀ 87,314 ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਤੁਲਨਾ 'ਚ 28 ਫੀਸਦੀ ਦਾ ਵਾਧਾ ਹੈ। ਮੇਟਾ ਨੇ ਵਿਗਿਆਪਨ ਵਿੱਚ ਕਿਹਾ ਕਿ ਅਸੀਂ ਹੋਰ ਕੁਸ਼ਲਤਾ ਨਾਲ ਕੰਮ ਕਰਨ ਲਈ ਪੂਰੇ ਬੋਰਡ ਵਿੱਚ ਮਹੱਤਵਪੂਰਨ ਬਦਲਾਅ ਕਰ ਰਹੇ ਹਾਂ। ਆਮਦਨ ਵਿੱਚ ਇਹ ਗਿਰਾਵਟ ਜ਼ਿਆਦਾਤਰ ਮੇਟਾ ਦੇ ਮੇਟਾਵਰਸ ਵਿੱਚ ਭਾਰੀ ਨਿਵੇਸ਼ ਦੇ ਕਾਰਨ ਹੈ। ਮੇਟਾ ਦੇ ਵਰਚੁਅਲ ਰਿਐਲਿਟੀ ਡਿਵੀਜ਼ਨ, ਰਿਐਲਿਟੀ ਲੈਬਜ਼ ਨੂੰ ਇਸ ਤਿਮਾਹੀ ਵਿੱਚ 3.672 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਉਧਰ ਸੀ.ਈ.ਓ. ਮਾਰਕ ਜ਼ੁਕਰਬਰਗ ਨੇ 3 ਬਿਲੀਅਨ ਡਾਲਰ ਦੇ ਨੁਕਸਾਨ ਨੂੰ ਜਾਇਜ਼ ਠਹਿਰਾਉਂਦੇ ਹੋਏ 2023 'ਤੇ ਧਿਆਨ ਦੇਣ ਦੀ ਗੱਲ ਆਖੀ ਹੈ ਨਾਲ ਹੀ ਕਿਹਾ ਕਿ ਮੌਜੂਦਾ ਮਾਹੌਲ ਕੰਪਨੀ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰੇਗਾ। ਇੱਕ ਸਾਲ ਪਹਿਲਾਂ ਮਾਰਕ ਜ਼ਕਰਬਰਗ ਨੇ ਵਰਚੁਅਲ ਰਿਐਲਿਟੀ ਨੂੰ ਵਾਧਾ ਦੇਣ ਲਈ ਮੇਟਾ ਦੀ ਸਥਾਪਨਾ ਕੀਤੀ ਸੀ। ਪਰ ਹੁਣ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵੀ ਡਿੱਗ ਗਈ ਹੈ, ਮਾਲੀਆ ਡਿੱਗ ਰਿਹਾ ਹੈ ਅਤੇ ਮੁਨਾਫ਼ਾ ਘਟ ਰਿਹਾ ਹੈ। ਉਧਰ ਨਿਵੇਸ਼ਕਾਂ ਲਈ ਖ਼ਤਰੇ ਦੀ ਘੰਟੀ ਵੀ ਵੱਜ ਚੁੱਕੀ ਹੈ। ਕੰਪਨੀ ਪਹਿਲੀ ਤਿਮਾਹੀ ਵਿੱਚ ਕੁਝ ਖ਼ਾਸ ਮਾਲੀਆ ਪੈਦਾ ਨਹੀਂ ਕਰ ਪਾਈ ਸੀ। ਉਧਰ ਜ਼ੁਕਰਬਰਗ ਨੇ ਇਸ ਚੁਣੌਤੀ ਨਾਲ ਨਜਿੱਠਣ ਦੀ ਗੱਲ ਆਖੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।