ਸੇਵਾ ’ਚ ਲਾਪਰਵਾਹੀ, ਫੇਸਬੁਕ ਤੇ ਵਿਦੇਸ਼ੀ ਕੰਪਨੀ ਨੂੰ 50 ਹਜ਼ਾਰ ਜੁਰਮਾਨਾ
Saturday, Aug 10, 2024 - 02:33 PM (IST)
ਮੋਹਾਲੀ (ਸੰਦੀਪ) : ਖਪਤਕਾਰ ਫੋਰਮ ਨੇ ਫੇਸਬੁੱਕ ਤੇ ਵਿਦੇਸ਼ੀ ਕੰਪਨੀ ਨੂੰ ਸੇਵਾ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ 50 ਹਜ਼ਾਰ ਜੁਰਮਾਨਾ ਤੇ ਇਸ਼ਤਿਹਾਰ ਰਾਹੀਂ ਖ਼ਰੀਦੇ ਉਤਪਾਦ ਦੀ ਕੀਮਤ ਵਿਆਜ ਸਮੇਤ ਮੋੜਣ ਦੇ ਹੁਕਮ ਦਿੱਤੇ ਹਨ। ਫੇਸਬੁੱਕ ਤੇ ਨਾ ਹੀ ਕੰਪਨੀ ਤੋਂ ਕੋਈ ਪੱਖ ਰੱਖਣ ਆਇਆ। ਇਸ ਕਾਰਨ ਖਪਤਕਾਰ ਫੋਰਮ ਨੇ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਇਕ ਮਹੀਨੇ ਦੇ ਅੰਦਰ ਕੁਲਵਿੰਦਰ ਸਿੰਘ ਨੂੰ 9 ਫ਼ੀਸਦੀ ਵਿਆਜ ਸਮੇਤ 2535 ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਗਏ। ਨਾਲ ਹੀ 30 ਹਜ਼ਾਰ ਰੁਪਏ ਦਾ ਵੱਖਰਾ ਜੁਰਮਾਨਾ ਵੀ ਲਾਇਆ ਗਿਆ। ਜੇ ਸਮਾਂ ਸੀਮਾ ਅੰਦਰ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਵਿਆਜ ਦਰ 12 ਫ਼ੀਸਦੀ ਹੋ ਜਾਵੇਗੀ।
ਦਰਅਸਲ, ਫੇਸਬੁੱਕ ’ਤੇ ਇਸ਼ਤਿਹਾਰ ਦੇਖ ਕੇ ਮੋਹਾਲੀ ਫੇਜ਼ 6 ਵਾਸੀ ਕੁਲਵਿੰਦਰ ਸਿੰਘ ਨੇ ਰਸੋਈ ਦੇ ਰੈਕ ਦਾ ਆਰਡਰ ਦਿੱਤਾ ਸੀ। ਕੀਮਤ ਅਦਾ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਸਾਮਾਨ ਨਹੀਂ ਮਿਲਿਆ। ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਇਨਸਾਫ਼ ਲਈ ਮੋਹਾਲੀ ਖਪਤਕਾਰ ਫੋਰਮ ਤੱਕ ਪਹੁੰਚ ਕੀਤੀ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਫੇਸਬੁੱਕ ’ਤੇ ਐੱਫ.ਆਈ.ਯੂ. ਦਾ ਇਸ਼ਤਿਹਾਰ ਦੇਖਿਆ। ਇਸ ’ਚ ਰਸੋਈ ਦਾ ਰੈਕ ਪਸੰਦ ਆਇਆ। 11 ਜੁਲਾਈ 2021 ਨੂੰ ਫੇਸਬੁੱਕ ਨੇ ਭੁਗਤਾਨ ਲਈ ਕੰਪਨੀ ਦਾ ਇੰਟਰਫੇਸ ਭੇਜ ਦਿੱਤਾ। ਇਸ ਦੌਰਾਨ 2535 ਰੁਪਏ ਦੀ ਅਦਾਇਗੀ ਕੀਤੀ ਗਈ।
ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਨਹੀਂ ਭੇਜਿਆ ਰਸੋਈ ਰੈਕ
ਆਰਡਰ ਕਰਨ ਤੋਂ ਬਾਅਦ ਕੁਝ ਦਿਨ ਇੰਤਜ਼ਾਰ ਕੀਤਾ ਪਰ ਕੋਈ ਅਪਡੇਟ ਨਹੀਂ ਆਇਆ। 8 ਅਗਸਤ 2021 ਨੂੰ ਫੇਸਬੁੱਕ ਤੇ ਐੱਫ.ਆਈ.ਯੂ. ਕੰਪਨੀ ਨੂੰ ਈਮੇਲ ਭੇਜੀ ਗਈ। ਅਗਲੇ ਦਿਨ ਈਮੇਲ ਆਈ ਕਿ ਕੰਪਨੀ ਦੁਆਰਾ ਰਸੋਈ ਰੈਕ ਭੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ 7 ਅਕਤੂਬਰ 2021 ਤੇ 21 ਅਕਤੂਬਰ ਨੂੰ ਦੁਬਾਰਾ ਈਮੇਲ ਭੇਜੇ ਗਏ। ਇਸ ਵਾਰ ਕੰਪਨੀ ਨੂੰ ਈਮੇਲ ਨਹੀਂ ਮਿਲੀ ਤੇ ਇਹ ਵਾਪਸ ਆ ਗਈ, ਜਿਸ ’ਤੇ ਕੁਲਵਿੰਦਰ ਸਿੰਘ ਨੇ ਫੇਸਬੁੱਕ ਤੇ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ।