ਜੁਲਾਈ-ਸਤੰਬਰ ''ਚ ਵਸਤੂਆਂ ਦੀ ਬਰਾਮਦ 11 ਫ਼ੀਸਦੀ ਵਧ ਕੇ 114 ਅਰਬ ਡਾਲਰ ਤੱਕ ਪਹੁੰਚ ਜਾਵੇਗੀ : ਰਿਪੋਰਟ
Sunday, Sep 11, 2022 - 05:50 PM (IST)
ਨਵੀਂ ਦਿੱਲੀ - ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ਦੌਰਾਨ ਦੇਸ਼ ਦਾ ਮਾਲ ਨਿਰਯਾਤ 11.4 ਫ਼ੀਸਦੀ ਤੋਂ ਵਧ ਕੇ 114.4 ਅਰਬ ਡਾਲਰ ਹੋਣ ਦੀ ਸੰਭਾਵਨਾ ਹੈ। ਭਾਰਤ ਦੇ ਨਿਰਯਾਤ-ਆਯਾਤ ਬੈਂਕ (ਐਗਜ਼ਿਮ ਬੈਂਕ) ਨੇ ਤਿਮਾਹੀ ਅੰਕੜੇ ਜਾਰੀ ਕਰਦਿਆਂ ਕਿਹਾ ਹੈ ਕਿ ਦੂਜੀ ਤਿਮਾਹੀ ਦੇ ਨਿਰਯਾਤ ਅੰਕੜੇ ਵਿਸ਼ਵ ਪੱਧਰ 'ਤੇ ਵਸਤੂਆਂ ਦੀਆਂ ਕੀਮਤਾਂ ਵਿੱਚ ਨਰਮੀ, ਪ੍ਰਮੁੱਖ ਵਪਾਰਕ ਭਾਈਵਾਲ ਦੇਸ਼ਾਂ ਵਿੱਚ ਸੰਭਾਵਿਤ ਮੰਦੀ, ਮਹਿੰਗਾਈ ਦੇ ਦਬਾਅ ਅਤੇ ਸਖ਼ਤ ਮੁਦਰਾ ਰੁਖ ਨਾਲ ਪ੍ਰਭਾਵਿਤ ਹੋ ਸਕਦੇ ਹਨ। ਐਗਜ਼ਿਮ ਬੈਂਕ ਜੂਨ, ਸਤੰਬਰ, ਦਸੰਬਰ ਅਤੇ ਮਾਰਚ ਦੇ ਪਹਿਲੇ ਹਫ਼ਤੇ ਆਪਣੇ ਤਿਮਾਹੀ ਅਨੁਮਾਨ ਜਾਰੀ ਕਰਦਾ ਹੈ।
ਐਗਜ਼ਿਮ ਬੈਂਕ ਨਿਰਯਾਤ ਲੀਡਿੰਗ ਇੰਡੈਕਸ (ELI) ਤੋਂ ਦੇਸ਼ ਦੇ ਨਿਰਯਾਤ 'ਤੇ ਤਿਮਾਹੀ ਅੰਕੜਿਆਂ ਦਾ ਅਨੁਮਾਨ ਲਗਾਉਂਦਾ ਹੈ, ਜੋ ਕਿ ਇਸਦਾ ਆਪਣਾ ਮਾਡਲ ਹੈ।
ELI ਦੇਸ਼ ਦੇ ਨਿਰਯਾਤ ਦ੍ਰਿਸ਼ ਦਾ ਮੁਲਾਂਕਣ ਕਰਦਾ ਹੈ। ਇਹ ਤਿਮਾਹੀ ਆਧਾਰ 'ਤੇ ਦੇਸ਼ ਤੋਂ ਕੁੱਲ ਵਸਤੂ ਨਿਰਯਾਤ ਅਤੇ ਗੈਰ-ਤੇਲ ਨਿਰਯਾਤ ਨੂੰ ਮਾਪਦਾ ਹੈ। ਇਹ ਦੇਸ਼ ਦੇ ਨਿਰਯਾਤ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਘਰੇਲੂ ਅਤੇ ਗਲੋਬਲ ਕਾਰਕਾਂ ਦਾ ਮੁਲਾਂਕਣ ਵੀ ਕਰਦਾ ਹੈ। ਐਗਜ਼ਿਮ ਬੈਂਕ ਨੇ ਕਿਹਾ ਕਿ ਮਾਹਿਰਾਂ ਦੀ ਸਥਾਈ ਤਕਨੀਕੀ ਕਮੇਟੀ ਦੁਆਰਾ ਇਸ ਮੁਲਾਂਕਣ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ ਹੈ। ਕਮੇਟੀ ਦੀ ਸਮੀਖਿਆ ਜਾਦਵਪੁਰ ਯੂਨੀਵਰਸਿਟੀ ਦੇ ਪ੍ਰੋਫੈ਼ਸਰ ਐੱਸ ਸਿਨਹਾ ਰਾਏ ਰਿਜ਼ਰਵ ਬੈਂਕ ਦੇ ਆਰਥਿਕ ਅਤੇ ਨੀਤੀ ਖੋਜ ਵਿਭਾਗ ਦੇ ਡਾਇਰੈਕਟਰ ਸ਼ਰਤ ਢਾਲ, ਬੇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਐੱਨ.ਆਰ ਭਾਨੂਮੂਰਤੀ, ਇੰਦਰਾ ਗਾਂਧੀ ਇੰਸਟੀਚਿਊਟ ਆਫ ਡਿਵੈਲਪਮੈਂਟ ਰਿਸਰਚ ਦੇ ਪ੍ਰੋਫ਼ੈਸਰ ਸੀ ਵੀਰਮਾਨੀ ਨੇ ਕੀਤੀ।