ਹਵਾਈ ਯਾਤਰਾ ਆਵਾਜਾਈ ''ਚ 66 ਫੀਸਦੀ ਗਿਰਾਵਟ ਹੋਣ ਦਾ ਖਦਸ਼ਾ : ਆਇਟਾ

09/29/2020 11:23:07 PM

ਜੇਨੇਵਾ- ਕੌਮਾਂਤਰੀ ਹਵਾਈ ਆਵਾਜਾਈ ਸੰਘ (ਆਇਟਾ) ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਯਾਤਰੀ ਆਵਾਜਾਈ ਵਿਚ 66 ਫੀਸਦੀ ਦੀ ਗਿਰਾਵਟ ਰਹੇਗੀ। 

ਜਹਾਜ਼ ਸੇਵਾ ਕੰਪਨੀਆਂ ਦੇ ਸੰਘ ਨੇ ਇਸ ਤੋਂ ਪਹਿਲੇ ਸਾਲ 2019 ਦੀ ਤੁਲਨਾ ਵਿਚ 63 ਫੀਸਦੀ ਦੀ ਗਿਰਾਵਟ ਦਾ ਅੰਦਾਜ਼ਾ ਪ੍ਰਗਟਾਇਆ ਸੀ ਪਰ ਅਗਸਤ ਵਿਚ ਉਮੀਦ ਤੋਂ ਵੱਧ ਗਿਰਾਵਟ ਕਾਰਨ 79.5 ਫੀਸਦੀ ਰਹੀ ਸੀ। ਸੰਘ ਦਾ ਕਹਿਣਾ ਹੈ ਕਿ ਭਾਰਤ ਵਿਚ ਅਗਸਤ ਵਿਚ ਘਰੇਲੂ ਯਾਤਰੀ ਆਵਾਜਾਈ ਵਿਚ 73.6 ਫੀਸਦੀ ਦੀ ਗਿਰਾਵਟ ਰਹੀ ਸੀ। 

ਵੱਡੀ ਆਵਾਜਾਈ ਅਰਥ ਵਿਵਸਥਾਵਾਂ ਵਿਚ ਆਸਟ੍ਰੇਲੀਆ (91.5 ਫੀਸਦੀ) ਦੇ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ। ਅਮਰੀਕਾ ਵਿਚ 69.3 ਫੀਸਦੀ, ਜਾਪਾਨ ਵਿਚ 68.6 ਫੀਸਦੀ ਤੇ ਬ੍ਰਾਜ਼ੀਲ ਵਿਚ 67 ਫੀਸਦੀ ਦੀ ਗਿਰਾਵਟ ਰਹੀ। ਆਇਟਾ ਦੀ ਅੱਜ ਜਾਰੀ ਰਿਪੋਰਟ ਮੁਤਾਬਕ ਕੌਮਾਂਤਰੀ ਮਾਰਗਾਂ ਦੀ ਤੁਲਨਾ ਵਿਚ ਘਰੇਲੂ ਮਾਰਗਾਂ 'ਤੇ ਯਾਤਰੀ ਜਹਾਜ਼ ਖੇਤਰ ਵਿਚ ਵਧੇਰੇ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। 

ਆਇਟਾ ਦੇ ਮਹਾਨਿਰਦੇਸ਼ਕ ਅਲੈਗਜ਼ੈਂਡਰ ਡੀ ਜੁਨਾਇਕ ਨੇ ਕਿਹਾ ਕਿ ਕੌਮਾਂਤਰੀ ਮੰਗ ਵਿਚ ਸੁਧਾਰ ਨਾ ਦੇ ਬਰਾਬਰ ਦਿਖਾਈ ਦੇ ਰਿਹਾ ਹੈ। ਆਸਟ੍ਰੇਲੀਆ ਅਤੇ ਜਾਪਾਨ ਵਿਚ ਕੋਰੋਨਾ ਦੇ ਮਾਮਲੇ ਇਕ ਵਾਰ ਫਿਰ ਵਧਣ ਨਾਲ ਇਨ੍ਹਾਂ ਦੇਸ਼ਾਂ ਵਿਚ ਘਰੇਲੂ ਮੰਗ ਵੀ ਕਮਜ਼ੋਰ ਹੋਈ ਹੈ। ਕੁਝ ਮਹੀਨੇ ਪਹਿਲਾਂ ਸਾਡਾ ਅੰਦਾਜ਼ਾ ਸੀ ਕਿ ਇਸ ਸਾਲ ਯਾਤਰੀ ਆਵਾਜਾਈ ਵਿਚ 63 ਫੀਸਦੀ ਦੀ ਗਿਰਾਵਟ ਰਹੇਗੀ ਪਰ ਇਹ ਅੰਦਾਜ਼ਾ ਹੁਣ 66 ਫੀਸਦੀ ਤਕ ਦਾ ਹੋ ਗਿਆ ਹੈ। 


Sanjeev

Content Editor

Related News