EPFO ਸ਼ੇਅਰਾਂ ’ਚ ਨਿਵੇਸ਼ ਦੀ ਲਿਮਿਟ ਵਧਾ ਕੇ ਕਰ ਸਕਦਾ ਹੈ 20 ਫੀਸਦੀ

Tuesday, Jul 19, 2022 - 12:17 PM (IST)

ਨਵੀਂ ਦਿੱਲੀ (ਭਾਸ਼ਾ) – ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਸ਼ੇਅਰ ਅਤੇ ਉਸ ਨਾਲ ਸਬੰਧਤ ਨਿਵੇਸ਼ ਉਤਪਾਦਾਂ ’ਚ ਨਿਵੇਸ਼ ਦੀ ਮੌਜੂਦਾ ਲਿਮਿਟ 15 ਫੀਸਦੀ ਤੋਂ ਵਧਾ ਕੇ 20 ਫੀਸਦੀ ਤੱਕ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਸਕਦਾ ਹੈ। ਇਕ ਸੂਤਰ ਮੁਤਾਬਕ 29 ਅਤੇ 30 ਜੁਲਾਈ ਨੂੰ ਹੋਣ ਵਾਲੀ ਈ. ਪੀ. ਐੱਫ. ਓ. ਟਰੱਸਟੀਆਂ ਦੀ ਬੈਠਕ ’ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ।

ਫਿਲਹਾਲ ਈ. ਪੀ. ਐੱਫ. ਓ. ਨਿਵੇਸ਼ ਯੋਗ ਜਮ੍ਹਾ ਦਾ ਪੰਜ ਫੀਸਦੀ ਤੋਂ 15 ਫੀਸਦੀ ਇਕਵਿਟੀ ਜਾਂ ਇਕਵਿਟੀ ਸਬੰਧਤ ਯੋਜਨਾਵਾਂ ’ਚ ਨਿਵੇਸ਼ ਕਰ ਸਕਦਾ ਹੈ। ਇਸ ਲਿਮਿਟ ਨੂੰ ਵਧਾ ਕੇ 20 ਫੀਸਦੀ ਕਰਨ ਦੇ ਪ੍ਰਸਤਾਵ ’ਤੇ ਫਾਈਨੈਂਸ਼ੀਅਲ ਅਕਾਊਂਟਸ ਅੈਂਡ ਇਨਵੈਸਟਮੈਂਟ ਕਮੇਟੀ, ਐਡਵਾਇਜ਼ਰੀ ਬਾਡੀ ਆਫ ਈ. ਪੀ. ਐੱਫ. ਓ. (ਐੱਫ. ਏ. ਆਈ. ਸੀ.) ਨੇ ਵਿਚਾਰ ਕੀਤਾ ਅਤੇ ਮਨਜ਼ੂਰੀ ਦਿੱਤੀ ਹੈ। ਐੱਫ. ਏ. ਆਈ. ਸੀ. ਦੀ ਸਿਫਾਰਿਸ਼ ਨੂੰ ਵਿਚਾਰ ਅਤੇ ਮਨਜ਼ੂਰੀ ਲਈ ਈ. ਪੀ. ਐੱਫ. ਓ. ਦੇ ਫੈਸਲੇ ਲੈਣ ਵਾਲੀ ਚੋਟੀ ਦੀ ਸੰਸਥਾ ਸੈਂਟਰਲ ਬੋਰਡ ਆਫ ਟਰੱਸਟ (ਸੀ. ਬੀ. ਟੀ.) ਦੇ ਸਾਹਮਣੇ ਰੱਖਿਆ ਜਾਵੇਗਾ।

ਸੂਤਰ ਨੇ ਕਿਹਾ ਕਿ ਕੇਂਦਰੀ ਕਿਰਤ ਮੰਤਰੀ ਦੀ ਪ੍ਰਧਾਨਗੀ ਵਾਲਾ ਕੇਂਦਰੀ ਟਰੱਸਟ ਬੋਰਡ ਐੱਫ. ਏ. ਆਈ. ਸੀ. ਦੀ ਇਕਵਿਟੀ ਅਤੇ ਇਕਵਿਟੀ ਸਬੰਧਤ ਯੋਜਨਾ ’ਚ ਮੌਜੂਦਾ ਪੰਜ ਤੋਂ 15 ਫੀਸਦੀ ਤੱਕ ਨਿਵੇਸ਼ ਲਿਮਿਟ ਨੂੰ ਵਧਾ ਕੇ 20 ਫੀਸਦੀ ਤੱਕ ਕਰਨ ਦੀ ਮਨਜ਼ੂਰੀ ਦੇ ਸਕਦਾ ਹੈ। ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਸੋਮਵਾਰ ਨੂੰ ਕਿਹਾ ਕਿ ਸੀ. ਬੀ. ਟੀ. ਦੀ ਉੱਪ-ਕਮੇਟੀ ਐੱਫ. ਆਈ. ਐੱਸ. ਸੀ ਨੇ ਇਕਵਿਟੀ ਅਤੇ ਇਕਵਿਟੀ ਸਬੰਧਤ ਨਿਵੇਸ਼ ਲਿਮਿਟ 5.15 ਫੀਸਦੀ ਤੋਂ ਵਧਾ ਕੇ 5-20 ਫੀਸਦੀ ਕਰਨ ’ਤੇ ਵਿਚਾਰ ਕਰਨ ਦੀ ਸਿਫਾਰਿਸ਼ ਕੀਤੀ ਹੈ।

ਈ. ਪੀ. ਐੱਫ. ਓ. ਨੇ ਅਗਸਤ 2015 ’ਚ ਐਕਸਚੇਂਜ ਟ੍ਰੇਡੇਟ ਫੰਡ (ਈ. ਟੀ. ਐੱਫ.) ਵਿਚ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਸੀ। ਉਸ ਸਮੇਂ ਨਿਵੇਸ਼ ਯੋਗ ਜਮ੍ਹਾ ਦਾ ਪੰਜ ਫੀਸਦੀ ਸ਼ੇਅਰ ਨਾਲ ਜੁੜੇ ਉਤਪਾਦਾਂ ’ਚ ਨਿਵੇਸ਼ ਕੀਤਾ ਗਿਆ ਸੀ। ਚਾਲੂ ਵਿੱਤੀ ਸਾਲ ਲਈ ਇਸ ਨੂੰ ਵਧਾ ਕੇ 15 ਫੀਸਦੀ ਕਰ ਦਿੱਤਾ ਗਿਆ। ਤੇਲੀ ਨੇ ਇਹ ਵੀ ਕਿਹਾ ਕਿ ਈ. ਪੀ. ਐੱਫ. ਓ. ਦੇ ਇਕਵਿਟੀ ਸਬੰਧਤ ਨਿਵੇਸ਼ ’ਤੇ ਰਿਟਰਨ 2021 ’ਚ ਵਧ ਕੇ 16.27 ਫੀਸਦੀ ਹੋ ਗਿਆ ਜੋ 2020-21 ’ਚ 14.67 ਫੀਸਦੀ ਸੀ। ਹਾਲਾਂਕਿ ਕਿਰਤ ਸੰਗਠਨ ਈ. ਪੀ. ਐੱਫ. ਓ. ਦੇ ਸ਼ੇਅਰ ਬਾਜ਼ਾਰ ’ਚ ਨਿਵੇਸ਼ ਦਾ ਵਿਰੋਧ ਕਰਦੇ ਰਹੇ ਹਨ। ਇਸ ਦਾ ਕਾਰਨ ਇਸ ਨਿਵੇਸ਼ ’ਤੇ ਸਰਕਾਰ ਦੀ ਗਾਰੰਟੀ ਦਾ ਨਾ ਹੋਣਾ ਹੈ।


Harinder Kaur

Content Editor

Related News