EPFO ਦੇ ਖਾਤਾ ਧਾਰਕ ਜਲਦ ਸਟਾਕ ਬਾਜ਼ਾਰ ''ਚ ਖੁਦ ਕਰ ਸਕਣਗੇ ਨਿਵੇਸ਼!

04/14/2018 8:10:52 AM

ਨਵੀਂ ਦਿੱਲੀ— ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੇ 5 ਕਰੋੜ ਤੋਂ ਵਧ ਖਾਤਾ ਧਾਰਕਾਂ ਨੂੰ ਜਲਦ ਆਪਣੇ ਪੀ. ਐੱਫ. 'ਚੋਂ ਐਕਸਚੇਂਜ ਟ੍ਰੇਡੇਡ ਫੰਡ (ਈ. ਟੀ. ਐੱਫ.) ਜ਼ਰੀਏ ਸ਼ੇਅਰਾਂ 'ਚ ਨਿਵੇਸ਼ ਵਧਾਉਣ ਜਾਂ ਘਟਾਉਣ ਦਾ ਬਦਲ ਮਿਲ ਸਕਦਾ ਹੈ। ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟੀ ਬੋਰਡ ਸੀ. ਬੀ. ਟੀ. ਦੀ ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਇਸ ਬਾਰੇ ਸੰਭਾਵਨਾ ਤਲਾਸ਼ਣ ਦਾ ਫੈਸਲਾ ਕੀਤਾ ਗਿਆ। ਫਿਲਹਾਲ ਈ. ਪੀ. ਐੱਫ. ਓ. ਦੇ ਮੈਂਬਰਾਂ ਕੋਲ ਅਜਿਹਾ ਕੋਈ ਬਦਲ ਨਹੀਂ ਹੈ। ਈ. ਪੀ. ਐੱਫ. ਆਪਣੀ ਨਿਵੇਸ਼ ਯੋਗ ਜਮ੍ਹਾਵਾਂ ਦਾ 15 ਫੀਸਦੀ ਹਿੱਸਾ ਈ. ਟੀ. ਐੱਫ. 'ਚ ਨਿਵੇਸ਼ ਕਰਦਾ ਹੈ।
ਸੀ. ਬੀ. ਟੀ. ਨੇ ਪਿਛਲੇ ਸਾਲ ਮੈਂਬਰਾਂ ਦੇ ਯੋਗਦਾਨ ਨੂੰ ਦੋ ਖਾਤਿਆਂ (ਕੈਸ਼ ਅਤੇ ਈ. ਟੀ. ਐੱਫ.) 'ਚ ਵੰਡਣ ਦਾ ਫੈਸਲਾ ਕੀਤਾ ਸੀ। ਕੈਸ਼ ਖਾਤੇ 'ਚ ਮੈਂਬਰਾਂ ਦੇ ਪੀ. ਐੱਫ. ਦੀ 85 ਫੀਸਦੀ ਰਕਮ ਹੁੰਦੀ ਹੈ ਅਤੇ ਈ. ਟੀ. ਐੱਫ. ਜ਼ਰੀਏ 15 ਫੀਸਦੀ ਰਕਮ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕੀਤੀ ਜਾਂਦੀ ਹੈ। ਇਹ ਰਕਮ ਮੈਂਬਰਾਂ ਦੇ ਖਾਤੇ 'ਚ ਯੂਨਿਟ ਦੇ ਤੌਰ 'ਤੇ ਦਿਸਦੀ ਹੈ।
ਕੀ ਹੈ ਈ. ਟੀ. ਐੱਫ.?
ਐਕਸਚੇਂਜ ਟ੍ਰੇਡਡ ਫੰਡ (ਈ. ਟੀ. ਐੱਫ.) ਮਿਊਅਚਲ ਫੰਡ ਕੰਪਨੀਆਂ ਦਾ ਪ੍ਰਾਡਕਟ ਹੈ, ਜਿਸ 'ਚ ਸਿਰਫ ਸਟਾਕ ਐਕਸਚੇਂਜਾਂ ਜ਼ਰੀਏ ਨਿਵੇਸ਼ ਕੀਤਾ ਜਾ ਸਕਦਾ ਹੈ। ਈ. ਟੀ. ਐੱਫ. 'ਚ ਅੰਡਰਲਾਇੰਗ ਐਸੇਟ ਸ਼ੇਅਰ- ਕਮੋਡਿਟੀ, ਬਾਂਡ ਅਤੇ ਕਰੰਸੀ ਹੋ ਸਕਦੇ ਹਨ। 
ਪੀ. ਐੱਫ. ਲਈ ਆਫਲਾਈਨ ਵੀ ਹੋ ਸਕੇਗਾ ਅਪਲਾਈ-
ਈ. ਪੀ. ਐੱਫ. ਨੇ ਪੀ. ਐੱਫ. ਕਲੇਮ ਕਰਨ ਦੇ ਆਪਣੇ ਫੈਸਲੇ 'ਤੇ ਯੂ ਟਰਨ ਲਿਆ ਹੈ। ਈ. ਪੀ. ਐੱਫ. ਨੇ 10 ਲੱਖ ਰੁਪਏ ਤੋਂ ਵਧ ਦੇ ਪੀ. ਐੱਫ. ਕਲੇਮ ਲਈ ਸਿਰਫ ਆਨਲਾਈਨ ਹੀ ਅਪਲਾਈ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। ਹੁਣ ਸਾਰੇ ਮਾਮਲਿਆਂ 'ਚ ਪੀ. ਐੱਫ. ਕਲੇਮ ਲਈ ਆਨਲਾਈਨ ਦੇ ਨਾਲ ਆਫਲਾਈਨ ਵੀ ਅਪਲਾਈ ਕੀਤਾ ਜਾ ਸਕੇਗਾ। ਸੰਗਠਨ ਨੇ ਇਹ ਫੈਸਲਾ ਆਪਣੇ ਮੈਂਬਰਾਂ ਦੇ ਆਨਲਾਈਨ ਕਲੇਮ ਦਾਖਲ ਕਰਨ 'ਚ ਆ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਲਿਆ ਹੈ।


Related News