ਏਲਨ ਮਸਕ ਦੇ ਟਵੀਟ ਨਾਲ ਟੈਸਲਾ ਨੂੰ ਵੱਡਾ ਝਟਕਾ , ਹੋਇਆ 1 ਲੱਖ ਕਰੋੜ ਰੁਪਏ ਦਾ ਨੁਕਸਾਨ

05/02/2020 6:25:25 PM

ਨਵੀਂ ਦਿੱਲੀ - ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਟੈਸਲਾ ਦੇ ਮੁੱਖ ਕਾਰਜਕਕਾਰੀ ਅਧਿਕਾਰੀ ਅਤੇ ਪੁਲਾੜ ਦੇ ਖੇਤਰ ਵਿਚ ਕੰਮ ਕਰ ਰਹੀ ਕੰਪਨੀ ਸਪੇਸ ਐਕਸ ਦੇ ਸੰਸਥਾਪਕ ਏਲਨ ਮਸਕ ਦੇ ਟਵੀਟ ਨਾਲ ਕੰਪਨੀ ਨੂੰ ਨੁਕਸਾਨ ਹੋਇਆ ਹੈ। ਉਸਦੇ ਟਵੀਟ ਨਾਲ ਕੰਪਨੀ ਦੇ ਸਟਾਕ ਨੂੰ ਝਟਕਾ ਲੱਗਾ ਹੈ।

 

ਦੁਨੀਆ ਦੇ ਸਭ ਤੋਂ ਵੱਡੇ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਏਲਨ ਮਸਕ ਨੇ ਟਵੀਟ ਕੀਤਾ ਕਿ ਕੰਪਨੀ ਦੀ ਸਟਾਕ ਕੀਮਤ ਬਹੁਤ ਜ਼ਿਆਦਾ ਹੈ, ਨਤੀਜੇ ਵਜੋਂ ਮਾਰਕੀਟ ਵਿਚ ਟੈਸਲਾ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਆ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ੁਰੂਆਤ ਦੇ ਅੱਧੇ ਘੰਟੇ ਦੇ ਕਾਰੋਬਾਰ ਦੌਰਾਨ ਟੇਸਲਾ ਦੇ ਸ਼ੇਅਰ ਲਗਭਗ 12 ਫੀਸਦੀ ਡਿੱਗ ਗਏ। ਹਾਲਾਂਕਿ, ਬਾਅਦ ਵਿਚ ਕੰਪਨੀ ਦੇ ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 7.17% ਦੀ ਗਿਰਾਵਟ ਦੇ ਨਾਲ 701.32 ਡਾਲਰ ਯਾਨੀ ਕਿ 52,599 ਰੁਪਏ 'ਤੇ ਬੰਦ ਹੋਇਆ।

ਇਸ ਨਾਲ ਕੰਪਨੀ ਦੇ ਸ਼ੇਅਰਾਂ ਦੀ ਕੀਮਤ 14 ਅਰਬ ਡਾਲਰ ਯਾਨੀ ਤਕਰੀਬਨ ਇਕ ਲੱਖ ਕਰੋੜ ਰੁਪਏ ਘੱਟ ਗਈ ਹੈ। ਮਸਕ ਨੂੰ ਵੀ ਤਿੰਨ ਅਰਬ ਡਾਲਰ ਯਾਨੀ ਤਕਰੀਬਨ 22.6 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਸ਼ੇਅਰਾਂ ਵਿਚ 2018 ਵਿਚ ਵੀ ਆਈ ਸੀ ਗਿਰਾਵਟ

ਇਸ ਤੋਂ ਪਹਿਲਾਂ ਅਗਸਤ 2018 ਵਿਚ ਵੀ ਕੁਝ ਅਜਿਹਾ ਹੀ ਕੁਝ ਹੋਇਆ ਸੀ। ਉਸ ਸਮੇਂ ਮਸਕ ਨੇ ਕੰਪਨੀ ਬਾਰੇ ਇਕ ਵਿਵਾਦਪੂਰਨ ਟਵੀਟ ਕੀਤਾ ਸੀ, ਜਿਸ ਵਿਚ ਉਸਨੇ ਕਿਹਾ ਸੀ ਕਿ ਟੈਸਲਾ ਜਲਦੀ ਹੀ ਇਕ 'ਪ੍ਰਾਈਵੇਟ ਕੰਪਨੀ' ਬਣਨ ਜਾ ਰਹੀ ਹੈ ਅਤੇ ਇਸਦਾ ਸਟਾਕ 420 ਡਾਲਰ ਯਾਨੀ ਕਿ 31,500 ਰੁਪਏ ਦੇ ਹਿਸਾਬ ਨਾਲ ਵਿਕੇਗਾ। ਇਸ ਤੋਂ ਬਾਅਦ ਕੰਪਨੀ ਦੇ ਸ਼ੇਅਰ ਦੀ ਕੀਮਤ ਵਿਚ 20 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ। ਮਸਕ ਦੇ ਇਸ ਟਵੀਟ ਤੋਂ ਬਾਅਦ, ਉਸ ਨੂੰ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਹੱਥ ਧੋਣ ਪਿਆ ਸੀ। ਜ਼ਿਕਰਯੋਗ ਹੈ ਕਿ ਉਸ ਸਮੇਂ ਯੂ. ਐਸ. ਸਿਕਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਏਲਨ ਮਸਕ ਅਤੇ ਟੇਸਲਾ ਉੱਤੇ 200-200 ਲੱਖ ਡਾਲਰ ਦਾ ਜ਼ੁਰਮਾਨਾ ਕੀਤਾ ਸੀ।


Harinder Kaur

Content Editor

Related News