ਤਾਲਾਬੰਦੀ ਦਰਮਿਆਨ ਖਾਣ ਵਾਲੇ ਤੇਲਾਂ ਨੇ ਆਮ ਆਦਮੀ ਦਾ ਕੱਢਿਆ ਤੇਲ
Friday, Jun 11, 2021 - 10:13 AM (IST)

ਨਵੀਂ ਦਿੱਲੀ (ਇੰਟ.) – ਪਿਛਲੇ ਇਕ ਸਾਲ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਜਿਸ ਤਰ੍ਹਾਂ ਉਛਾਲ ਆਇਆ ਹੈ, ਉਸ ਨਾਲ ਆਮ ਆਦਮੀ ਦਾ ਤੇਲ ਨਿਕਲ ਰਿਹਾ ਹੈ। ਇਕ ਤਾਂ ਲਾਕਡਾਊਨ ਕਾਰਨ ਕਮਾਈ ਘਟ ਗਈ ਅਤੇ ਉੱਪਰੋਂ ਮਹਿੰਗਾਈ ਨੇ ਲੱਕ ਤੋੜਿਆ ਹੋਇਆ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਸਰ੍ਹੋਂ ਦਾ ਤੇਲ 200 ਰੁਪਏ ਪ੍ਰਤੀ ਕਿਲੋ ਦੇ ਕਰੀਬ ਪਹੁੰਚ ਗਿਆ ਹੈ। ਹਾਲਾਂਕਿ ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 9 ਜੂਨ ਨੂੰ ਦੇਸ਼ ’ਚ ਸਰ੍ਹੋਂ ਦਾ ਤੇਲ (ਪੈਕ) ਦੀ ਔਸਤ ਕੀਮਤ 171 ਰੁਪਏ ਪ੍ਰਤੀ ਕਿਲੋ ਸੀ। ਇਹ ਤਾਂ ਹੋਈ ਸਰ੍ਹੋਂ ਦੇ ਤੇਲ ਦੀ ਗੱਲ। ਹੁਣ ਅੱਗੇ ਸੂਰਜਮੁਖੀ, ਸੋਇਆ ਆਇਲ, ਪਾਮ ਆਇਲ, ਵਨਸਪਤੀ ਅਤੇ ਮੂੰਗਫਲੀ ਦੇ ਤੇਲ ਦੀ ਕੀਮਤ ਵੀ ਦੇਖ ਲਓ।
ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 9 ਜੂਨ 2021 ਨੂੰ ਮੂੰਗਫਲੀ ਤੇਲ (ਪੈਕ) ਖਗੜੀਆ ’ਚ ਜਿੱਥੇ 238 ਰੁਪਏ ਪ੍ਰਤੀ ਕਿਲੋ ਸੀ ਤਾਂ ਉੱਥੇ ਹੀ ਹੋਸ਼ੰਗਾਬਾਦ ’ਚ 90 ਰੁਪਏ। ਜੇ ਸਰ੍ਹੋਂ ਦੇ ਤੇਲ (ਪੈਕ) ਦੀ ਗੱਲ ਕਰੀਏ ਤਾਂ 209 ਰੁਪਏ ਪ੍ਰਤੀ ਕਿਲੋ ਪੋਰਟ ਬਲੇਅਰ ਅਤੇ ਸਾਹਿਬਗੰਜ ’ਚ ਅਤੇ ਉਦੈਪੁਰ ’ਚ 115 ਰੁਪਏ। ਵਨਸਪਤੀ (ਪੈਕ) ਮੈਸੂਰ ’ਚ 212 ਰੁਪਏ ’ਤੇ ਪਹੁੰਚ ਗਿਆ ਅਤੇ 79 ਰੁਪਏ ਕਾਲਾਬੁਰਾਗੀ ’ਚ ਵਿਕ ਰਿਹਾ ਹੈ। ਸੋਇਆ ਤੇਲ (ਪੈਕ) 190 ਰੁਪਏ ਪ੍ਰਤੀ ਕਿਲੋ ਖੜਗਪੁਰ ’ਚ ਅਤੇ 100 ਰੁਪਏ ਪ੍ਰਤੀ ਕਿਲੋ ਗੋਰਖਪੁਰ ’ਚ ਵਿਕ ਰਿਹਾ ਹੈ। ਸੂਰਜਮੁਖੀ ਤੇਲ (ਪੈਕ) 247 ਰੁਪਏ ਪ੍ਰਤੀ ਕਿਲੋ ਬੀਕਾਨੇਰ ’ਚ ਅਤੇ 104 ਰੁਪਏ ਕਿਲੋ ਉਦੈਪੁਰ ’ਚ ਵਿਕ ਰਿਹਾ ਹੈ ਜਦ ਕਿ ਪਾਮ ਤੇਲ (ਪੈਗ) 189 ਰੁਪਏ ਲਖਨਊ ’ਚ ਅਤੇ 80 ਰੁਪਏ ਪ੍ਰਤੀ ਕਿਲੋ ਦੀਮਾਪੁਰ ’ਚ ਸੀ।