ਪਿਛਲੇ ਮਹੀਨੇ ਤੋਂ ਖਾਣ ਵਾਲੇ ਤੇਲ ਦੀਆਂ ਕੀਮਤਾਂ ''ਚ ਆ ਰਹੀ ਹੈ ਕਮੀ : ਸਰਕਾਰ

Wednesday, Jun 16, 2021 - 10:33 PM (IST)

ਪਿਛਲੇ ਮਹੀਨੇ ਤੋਂ ਖਾਣ ਵਾਲੇ ਤੇਲ ਦੀਆਂ ਕੀਮਤਾਂ ''ਚ ਆ ਰਹੀ ਹੈ ਕਮੀ : ਸਰਕਾਰ

ਨਵੀਂ ਦਿੱਲੀ- ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ਪਿਛਲੇ ਇਕ ਮਹੀਨੇ ਤੋਂ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਅਤੇ ਕੁਝ ਮਾਮਲਿਆਂ ਵਿਚ ਇਹ ਲਗਭਗ 20 ਫ਼ੀਸਦੀ ਤੱਕ ਘਟੀ ਹੈ। ਸਰਕਾਰ ਦਾ ਕਹਿਣਾ ਹੈ ਕਿਹਾ ਕਿ ਉਹ ਦਰਾਮਦ 'ਤੇ ਨਿਰਭਰਤਾ ਘਟਾਉਣ ਦੇ ਮੱਦੇਨਜ਼ਰ ਭਾਰਤ ਨੂੰ ਖਾਣ ਵਾਲੇ ਤੇਲ ਵਿਚ ਆਤਮਨਿਰਭਰ ਬਣਾਉਣ ਲਈ ਕਈ ਕੰਮ ਕਰ ਰਹੀ ਹੈ।

ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ, "ਭਾਰਤ ਵਿਚ ਵੱਖ-ਵੱਖ ਕਿਸਮਾਂ ਦੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਅਨੁਸਾਰ, ਪਿਛਲੇ ਮਹੀਨੇ ਦੇ ਮੁਕਾਬਲੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ।"

ਸਰਕਾਰ ਨੇ ਕਿਹਾ ਕਿ ਕੁਝ ਤੇਲ 20 ਫ਼ੀਸਦ ਤੱਕ ਸਸਤੇ ਹੋਏ ਹਨ, ਜਿਵੇਂ ਕਿ ਮੁੰਬਈ ਵਿਚ ਦਿਖਦਾ ਹੈ। ਸਰਕਾਰ ਨੇ ਉਦਾਹਰਣ ਦਿੰਦੇ ਕਿਹਾ ਕਿ ਪਾਮ ਤੇਲ ਦੀ ਕੀਮਤ ਸੱਤ ਮਈ ਨੂੰ 142 ਰੁਪਏ ਪ੍ਰਤੀ ਕਿਲੋ ਸੀ ਅਤੇ ਹੁਣ ਇਹ 19 ਫ਼ੀਸਦੀ ਗਿਰਾਵਟ ਨਾਲ 115 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਹੈ। ਇਸੇ ਤਰ੍ਹਾਂ ਸੂਰਜਮੁਖੀ ਤੇਲ ਦੀ ਕੀਮਤ 16 ਫ਼ੀਸਦੀ ਘੱਟ ਕ 157 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ, ਜੋ 5 ਮਈ ਨੂੰ 118 ਰੁਪਏ ਪ੍ਰਤੀ ਕਿਲੋ ਸੀ। ਸੋਇਆ ਤੇਲ ਦੀ ਕੀਮਤ 20 ਮਈ ਨੂੰ 162 ਰੁਪਏ ਸੀ, ਜੋ ਹੁਣ ਮੁੰਬਈ ਵਿਚ 138 ਰੁਪਏ ਪ੍ਰਤੀ ਕਿਲੋ ਹੈ। ਸਰੋਂ ਦਾ ਤੇਲ 16 ਮਈ ਨੂੰ 175 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 157 ਰੁਪਏ ਪ੍ਰਤੀ ਕਿਲੋ ਹੈ। ਮੂੰਗਫਲੀ ਤੇਲ ਦੀ ਕੀਮਤ 14 ਮਈ ਦੇ 190 ਰੁਪਏ ਤੋਂ ਘੱਟ ਕੇ 174 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ।


author

Sanjeev

Content Editor

Related News