ਭਾਰਤ ’ਚ ਚੀਨ ਦੀਆਂ ਮੋਬਾਇਲ ਕੰਪਨੀਆਂ ’ਤੇ ਈ. ਡੀ. ਦੀ ਵੱਡੀ ਕਾਰਵਾਈ

07/14/2022 11:11:53 AM

ਚੀਨ ਦੇ ਬਾਰੇ ’ਚ ਸਾਰੀ ਦੁਨੀਆ ਜਾਣਦੀ ਹੈ ਕਿ ਉਹ ਨਾ ਤਾਂ ਬਿਨਾਂ ਆਪਣਾ ਫਾਇਦਾ ਦੇਖੇ ਅਤੇ ਨਾ ਹੀ ਬਿਨਾਂ ਭ੍ਰਿਸ਼ਟਾਚਾਰ ਦੇ ਕੰਮ ਕਰਦਾ ਹੈ। ਚੀਨ ਜਿਸ ਦੇਸ਼ ’ਚ ਆਪਣੀ ਫੈਕਟਰੀ ਲਾਉਂਦਾ ਹੈ, ਉੱਥੋਂ ਦੇ ਸਥਾਨਕ ਕਾਨੂੰਨਾਂ ਦੀ ਜਾਣਕਾਰੀ ਪਹਿਲਾਂ ਤੋਂ ਹਾਸਲ ਕਰ ਲੈਂਦਾ ਹੈ, ਫਿਰ ਉਨ੍ਹਾਂ ਕਾਨੂੰਨਾਂ ’ਚ ਊਣਤਾਈਆਂ ਦਾ ਪਤਾ ਲਾ ਕੇ ਉਸ ਦਾ ਫਾਇਦਾ ਚੁੱਕਦਾ ਹੈ। ਇਹੀ ਕੰਮ ਚੀਨ ਨੇ ਭਾਰਤ ’ਚ ਵੀ ਕੀਤਾ। ਜਾਂਚ ਏਜੰਸੀਆਂ ਨੂੰ ਪਤਾ ਲੱਗਾ ਕਿ ਕੁਝ ਚੀਨੀ ਕੰਪਨੀਆਂ ਭਾਰਤ ’ਚੋਂ ਨਾਜਾਇਜ਼ ਢੰਗ ਨਾਲ ਧਨ ਚੀਨ ਭੇਜ ਰਹੀਆਂ ਹਨ।

ਇਸ ਸਾਲ ਦੀ ਸ਼ੁਰੂਆਤ ’ਚ ਚੀਨੀ ਕੰਪਨੀ ਸ਼ਾਓਮੀ ਰਾਇਲਟੀ ਦੇ ਨਾਂ ’ਤੇ ਵਿਦੇਸ਼ਾਂ ’ਚ ਵਸੀਆਂ 3 ਕੰਪਨੀਆਂ ਨੂੰ ਨਾਜਾਇਜ਼ ਢੰਗ ਨਾਲ 5551.27 ਕਰੋੜ ਰੁਪਏ ਭੇਜ ਰਹੀ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਸ਼ਾਓਮੀ ਇੰਡੀਆ ਦੀਆਂ ਇਨ੍ਹਾਂ ਤਿੰਨਾਂ ਵਿਦੇਸ਼ੀ ਕੰਪਨੀਆਂ ਨਾਲ ਕੋਈ ਵੀ ਸਬੰਧ ਨਹੀਂ ਸੀ ਅਤੇ ਨਾ ਹੀ ਸ਼ਾਓਮੀ ਇੰਡੀਆ ਨੇ ਇਨ੍ਹਾਂ ਤਿੰਨਾਂ ਕੰਪਨੀਆਂ ਕੋਲੋਂ ਕਦੀ ਕਿਸੇ ਤਰ੍ਹਾਂ ਦੀ ਕੁਝ ਸੇਵਾ ਲਈ ਸੀ। ਸ਼ਾਓਮੀ ਇੰਡੀਆ ਨੇ ਆਪਣੇ ਕਾਗਜ਼ਾਂ ’ਚ ਹੇਰ-ਫੇਰ ਕਰ ਕੇ ਚੀਨ ’ਚ ਆਪਣੀ ਪੇਰੈਂਟ ਕੰਪਨੀ ਸ਼ਾਓਮੀ ਦੇ ਕਹਿਣ ’ਤੇ ਇੰਨੇ ਪੈਸੇ ਇਨ੍ਹਾਂ ਤਿੰਨਾਂ ਵਿਦੇਸ਼ੀ ਕੰਪਨੀਆਂ ਨੂੰ ਭੇਜੇ ਸਨ। ਇੰਨਾ ਹੀ ਨਹੀਂ, ਸ਼ਾਓਮੀ ਇੰਡੀਆ ਨੇ ਇਨ੍ਹਾਂ ਪੈਸਿਆਂ ਨੂੰ ਵਿਦੇਸ਼ੀ ਕੰਪਨੀਆਂ ਨੂੰ ਭੇਜਣ ਲਈ ਭਾਰਤੀ ਬੈਂਕਾਂ ਨੂੰ ਗਲਤ ਜਾਣਕਾਰੀ ਿਦੱਤੀ ਸੀ।

ਜਦੋਂ ਸ਼ਾਓਮੀ ਇੰਡੀਆ ਦੀ ਚੋਰੀ ਦੀ ਖਬਰ ਭਾਰਤ ਸਰਕਾਰ ਤੱਕ ਪਹੁੰਚੀ ਤਾਂ ਉਸ ਦੇ ਬਾਅਦ ਭਾਰਤ ’ਚ ਕੰਮ ਕਰਨ ਵਾਲੀਆਂ ਬਾਕੀ ਚੀਨੀ ਕੰਪਨੀਆਂ ਦੀ ਵੀ ਜਾਂਚ ਸ਼ੁਰੂ ਹੋਈ। ਇਸ ਸਮੇਂ ਭਾਰਤ ’ਚ ਵੀਵੋ, ਓਪੋ, ਵਨ ਪਲੱਸ, ਹੁਆਵੇ ਵਰਗੀਆਂ ਕਈ ਕੰਪਨੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ’ਚ ਵੀਵੋ ਇੰਡੀਆ ਭਾਰਤੀ ਬਾਜ਼ਾਰ ’ਚ ਬਹੁਤ ਅੰਦਰ ਤੱਕ ਦਾਖਲ ਹੋਈ ਹੈ, ਜੋ ਭਾਰਤੀ ਕ੍ਰਿਕਟ ’ਚ ਆਈ. ਪੀ. ਐੱਲ. ਦੀ ਟਾਈਟਲ ਪ੍ਰਾਯੋਜਕ ਕੰਪਨੀ ਵੀ ਰਹੀ ਹੈ, ਭਾਰਤੀ ਖਿਡਾਰੀਆਂ ਦੀ ਟੀ-ਸ਼ਰਟ ’ਤੇ ਵੀਵੋ ਦਾ ਬਰਾਂਡ ਨੇਮ ਵੀ ਲਿਖਿਆ ਹੁੰਦਾ ਹੈ। ਭਾਰਤੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸ਼ੱਕ ਦੇ ਘੇਰੇ ’ਚ ਵੀਵੋ ਇੰਡੀਆ ਵੀ ਆ ਗਈ ਹੈ। ਈ. ਡੀ. ਨੇ ਜਦੋਂ ਵੀਵੋ ਦੇ ਖਾਤਿਆਂ ਦੀ ਜਾਂਚ ਕੀਤੀ ਤਾਂ ਪਾਇਆ ਕਿ ਉਹ ਵੀ ਭਾਰਤ ਤੋਂ ਮਨੀ ਲਾਂਡਰਿੰਗ ਦਾ ਕੰਮ ਕਰ ਰਹੀ ਸੀ। ਇਸ ਦੇ ਬਾਅਦ ਈ. ਡੀ. ਨੇ ਭਾਰਤ ਦੇ ਕਈ ਸੂਬਿਆਂ ’ਚ ਵੀਵੋ ਦੇ 44 ਦਫਤਰਾਂ ’ਤੇ ਛਾਪੇਮਾਰੀ ਕੀਤੀ। ਈ. ਡੀ. ਦੀ ਕਾਰਵਾਈ ਵੀਵੋ ਦੇ ਮਹਾਰਾਸ਼ਟਰ, ਮੇਘਾਲਿਆ, ਉੱਤਰ ਪ੍ਰਦੇਸ਼, ਬਿਹਾਰ, ਦੱਖਣ ਦੇ ਸੂਬਿਆਂ ਅਤੇ ਦਿੱਲੀ ’ਚ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਹੋਈ। ਈ. ਡੀ. ਨੂੰ ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਵੀਵੋ ਇੰਡੀਆ ਵੀ ਸ਼ਾਓਮੀ ਇੰਡੀਆ ਦੇ ਹੀ ਵਾਂਗ ਭਾਰਤ ’ਚੋਂ ਨਾਜਾਇਜ਼ ਢੰਗ ਨਾਲ ਪੈਸੇ ਚੀਨ ਭੇਜ ਰਹੀ ਹੈ।

ਜਿਵੇਂ ਹੀ ਈ. ਡੀ. ਨੇ ਭਾਰਤ ’ਚ ਵੀਵੋ ਇੰਡੀਆ ਦੇ 44 ਦਫਤਰਾਂ ’ਤੇ ਛਾਪੇਮਾਰੀ ਕੀਤੀ, ਚੀਨ ਦੇ ਵਿਦੇਸ਼ ਬੁਲਾਰੇ ਤਸਾਓ ਲਿਚਿਆਨ ਦਾ ਿਬਆਨ ਵੀ ਆ ਗਿਆ। ਇਸ ਕਾਰਵਾਈ ਨਾਲ ਚੀਨ ਬੁਰੀ ਤਰ੍ਹਾਂ ਘਬਰਾ ਗਿਆ ਕਿਉਂਕਿ ਇਸ ਸਮੇਂ ਭਾਰਤ ਅਤੇ ਚੀਨ ਦਰਮਿਆਨ ਵਪਾਰ ਘੱਟ ਹੋਣ ਦੇ ਬਾਵਜੂਦ ਭਾਰਤ ਤੋਂ ਪੈਸਾ ਚੀਨ ਭੇਜਿਆ ਜਾ ਰਿਹਾ ਹੈ ਪਰ ਅਜੇ ਤੱਕ ਭਾਰਤੀ ਏਜੰਸੀਅਾਂ ਨੂੰ ਇਸ ਦਾ ਕਾਰਨ ਅਤੇ ਜ਼ਰੀਆ ਨਹੀਂ ਪਤਾ ਸੀ। ਚੀਨ ਨੇ ਘਬਰਾ ਕੇ ਮੀਡੀਆ ’ਚ ਇਹ ਬਿਆਨ ਦਿੱਤਾ ਅਤੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਸ ਨੇ ਵੀਵੋ ਇੰਡੀਆ ’ਤੇ ਜੋ ਕਾਰਵਾਈ ਕੀਤੀ ਹੈ, ਅਸੀਂ ਆਸ ਕਰਦੇ ਹਾਂ ਕਿ ਉਹ ਭਾਰਤੀ ਕਾਨੂੰਨ ਦੇ ਘੇਰੇ ’ਚ ਹੋਵੇਗੀ। ਚੀਨ ਨੇ ਭਾਰਤ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਭਾਰਤ ’ਚ ਕੰਮ ਕਰ ਰਹੀਆਂ ਚੀਨੀ ਕੰਪਨੀਆਂ ਦੇ ਨਾਲ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ।

ਹਾਲ ਹੀ ’ਚ ਈ. ਡੀ. ਨੇ ਜੰਮੂ-ਕਸ਼ਮੀਰ ਵਿਖੇ ਵੀਵੋ ਮੋਬਾਇਲ ਦੀ ਏਜੰਸੀ ਚਲਾ ਰਹੇ ਡਿਸਟ੍ਰੀਬਿਊਟਰ ਕੋਲੋਂ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਕੀਤੀ ਤਾਂ ਸਾਰਾ ਭੇਦ ਖੁੱਲ੍ਹ ਗਿਆ। ਇਸ ਦੇ ਬਾਅਦ ਈ. ਡੀ. ਨੇ ਵੀਵੋ ਵਿਰੁੱਧ ਕੇਸ ਦਰਜ ਕਰ ਲਿਆ ਿਜਸ ’ਚ ਲਿਖਿਆ ਸੀ ਕਿ ਵੀਵੋ ਦੇ ਕੁਝ ਸ਼ੇਅਰ ਹੋਲਡਰਾਂ ਨੇ ਆਪਣੇ ਨਕਲੀ ਪਛਾਣ ਪੱਤਰ ਅਤੇ ਦਸਤਾਵੇਜ਼ ਤਿਆਰ ਕਰਵਾਏ ਸਨ। ਈ. ਡੀ. ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਇਹ ਫਰਜ਼ੀਵਾੜਾ ਸ਼ੈੱਲ ਕੰਪਨੀਆਂ ਜਾਂ ਫਰਜ਼ੀ ਕੰਪਨੀਆਂ ਦੀ ਵਰਤੋਂ ਕਰ ਕੇ ਕਾਲੀ ਕਮਾਈ ਦੇ ਧਨ ਨੂੰ ਵਿਦੇਸ਼ਾਂ ’ਚ ਭੇਜਣ ਲਈ ਕੀਤਾ ਗਿਆ ਸੀ ਅਤੇ ਇਸ ਲਈ ਭਾਰਤੀ ਏਜੰਸੀਆਂ ਨੂੰ ਧੋਖੇ ’ਚ ਰੱਖ ਕੇ ਦੱਸਿਆ ਗਿਆ ਕਿ ਇਹ ਧਨ ਦੂਜੇ ਕਾਰੋਬਾਰ ’ਚ ਨਿਵੇਸ਼ ਕੀਤਾ ਿਗਆ ਹੈ। ਕੁਝ ਪੈਸਾ ਚੀਨ ਭੇਜਿਆ ਗਿਆ। ਸਾਲ 2018 ’ਚ ਪਹਿਲੀ ਵਾਰ ਮੇਰਠ ’ਚ ਪੁਲਸ ਨੇ ਵੀਵੋ ਕੰਪਨੀ ਦਾ ਇਕ ਵੱਡਾ ਫਰਜ਼ੀਵਾੜਾ ਫੜਿਆ ਸੀ। ਵੀਵੋ ਮੋਬਾਇਲ ਕੰਪਨੀ ਇਕ ਹੀ ਆਈ. ਐੱਮ. ਈ. ਆਈ. ਨੰਬਰ ਨਾਲ 13500 ਫੋਨ ਚਲਾ ਰਹੀ ਸੀ ਜਦਕਿ ਹਰ ਫੋਨ ਹੈਂਡਸੈੱਟ ਦਾ ਇਕ ਵਖਰਾ ਆਈ. ਐੱਮ. ਈ. ਆਈ. ਨੰਬਰ ਹੁੰਦਾ ਹੈ। ਚੀਨ ਨੇ ਕਾਨੂੰਨੀ ਅਤੇ ਗੈਰ-ਕਾਨੂੰਨੀ ਢੰਗ ਨਾਲ ਜਿੰਨਾ ਪੈਸਾ ਕਮਾ ਸਕਦਾ ਸੀ, ਓਨਾ ਕਮਾਇਆ ਅਤੇ ਫੜੇ ਜਾਣ ’ਤੇ ਉਸ ਦੇ ਅਧਿਕਾਰੀ ਉਹ ਦੇਸ਼ ਛੱਡ ਕੇ ਭੱਜ ਜਾਂਦੇ ਹਨ।

ਸਿਰਫ ਭਾਰਤ ’ਚ ਹੀ ਨਹੀਂ, ਸਗੋਂ ਦੁਨੀਆ ਦੇ ਕਈ ਦੇਸ਼ਾਂ ’ਚ ਚੀਨ ਨੇ ਉੱਥੋਂ ਦੇ ਕਾਨੂੰਨਾਂ ’ਚ ਊਣਤਾਈਆਂ ਲੱਭ ਕੇ ਗੈਰ-ਕਾਨੂੰਨੀ ਢੰਗ ਨਾਲ ਉੱਥੋਂ ਦੀ ਕੁਦਰਤੀ ਵਿਰਾਸਤ ਦੀ ਚੋਰੀ, ਟੈਕਸ ਚੋਰੀ ਅਤੇ ਨਾਜਾਇਜ਼ ਵਪਾਰ ਤੱਕ ਕੀਤਾ ਹੈ। ਚੀਨੀ ਕੰਪਨੀਆਂ ਦੀਆਂ ਕਾਲੀਆਂ ਕਰਤੂਤਾਂ ਦੇ ਵਿਰੁੱਧ ਦੁਨੀਆ ਭਰ ਦੇ ਦੇਸ਼ਾਂ ਨੂੰ ਸਖਤ ਕਾਨੂੰਨ ਬਣਾਉਣੇ ਹੋਣਗੇ ਤਾਂ ਕਿ ਵਪਾਰ ਦੇ ਨਾਂ ’ਤੇ ਚੀਨ ਉੱਥੇ ਆਰਥਿਕ ਸੰਨ੍ਹ ਨਾ ਲਾ ਸਕੇ।


Harinder Kaur

Content Editor

Related News