''ਭੁਗਤਾਨ ਪ੍ਰਣਾਲੀ ਤੱਕ ਦਿਵਿਆਂਗ ਲੋਕਾਂ ਦੀ ਆਸਾਨ ਪਹੁੰਚ ਯਕੀਨੀ ਕਰੋ''
Saturday, Oct 12, 2024 - 11:06 AM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ਨੂੰ ਕਿਹਾ ਕਿ ਉਹ ਭੁਗਤਾਨ ਪ੍ਰਣਾਲੀਆਂ ਤੱਕ ਦਿਵਿਆਂਗ ਲੋਕਾਂ ਦੀ ਆਸਾਨ ਪਹੁੰਚ ਯਕੀਨੀ ਕਰਨ ਲਈ ਇਨ੍ਹਾਂ ਦੀ ਸਮੀਖਿਆ ਕਰਨ। ਕੇਂਦਰੀ ਬੈਂਕ ਨੇ ਆਪਣੇ ਪੱਤਰ ’ਚ ਕਿਹਾ ਕਿ ਦਿਵਿਆਂਗ ਸਮੇਤ ਆਮ ਲੋਕਾਂ ਦੇ ਸਾਰੇ ਵਰਗ ਤੇਜ਼ੀ ਨਾਲ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਅਪਨਾ ਰਹੇ ਹਨ।
ਇਸ ’ਚ ਕਿਹਾ ਗਿਆ,‘ਪ੍ਰਭਾਵੀ ਪਹੁੰਚ ਨੂੰ ਬੜ੍ਹਾਵਾ ਦੇਣ, ਭੁਗਤਾਨ ਸਿਸਟਮ ਭਾਈਵਾਲ (ਪੀ. ਐੱਸ. ਪੀ. ਭਾਵ ਬੈਂਕ ਤੇ ਅਧਿਕਾਰਤ ਗੈਰ-ਬੈਂਕ ਭੁਗਤਾਨ ਸਿਸਟਮ ਪ੍ਰਦਾਤਾ) ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਿਵਿਆਂਗ ਲੋਕਾਂ ਦੀ ਪਹੁੰਚ ਦੇ ਸਬੰਧ ’ਚ ਆਪਣੀਆਂ ਭੁਗਤਾਨ ਪ੍ਰਣਾਲੀਆਂ/ਮਸ਼ੀਨਰੀ ਦੀ ਸਮੀਖਿਆ ਕਰਨ।’ ਆਰ. ਬੀ. ਆਈ. ਨੇ ਕਿਹਾ ਕਿ ਸਮੀਖਿਆ ਦੇ ਆਧਾਰ ’ਤੇ ਬੈਂਕ ਅਤੇ ਗੈਰ-ਬੈਂਕ ਭੁਗਤਾਨ ਪ੍ਰਣਾਲੀ ਪ੍ਰਦਾਤਾ ਭੁਗਤਾਨ ਪ੍ਰਣਾਲੀਆਂ ਤੇ ਪੁਆਇੰਟ ਆਫ ਸੇਲ ਮਸ਼ੀਨ ਵਰਗੀਆਂ ਮਸ਼ੀਨਰੀਆਂ ’ਚ ਜ਼ਰੂਰੀ ਬਦਲਾਅ ਕਰ ਸਕਦੇ ਹਨ, ਜਿਸ ਨਾਲ ਦਿਵਿਆਂਗ ਲੋਕ ਇਸ ਦੀ ਆਸਾਨੀ ਨਾਲ ਵਰਤੋਂ ਕਰ ਸਕਣਗੇ। ਕੇਂਦਰੀ ਬੈਂਕ ਨੇ ਉਨ੍ਹਾਂ ਨੂੰ ਫਰਵਰੀ ’ਚ ਵਿੱਤ ਮੰਤਰਾਲਾ ਵੱਲੋਂ ਜਾਰੀ ਪਹੁੰਚਯੋਗ ਮਾਪਦੰਡਾਂ ’ਤੇ ਵੀ ਗੌਰ ਕਰਨ ਲਈ ਕਿਹਾ ਹੈ।
ਆਰ. ਬੀ. ਆਈ. ਨੇ ਕਿਹਾ ਕਿ ਇਸ ਲਈ ਸੰਭਾਵੀ ਹੱਲਾਂ ਦੀ ਚੋਣ ਕਰਦੇ ਸਮੇਂ ਇਹ ਧਿਆਨ ਰੱਖਿਆ ਜਾਣਾ ਚਾਹੀਦਾ ਕਿ ਸੋਧ ਜਾਂ ਸੁਧਾਰ ਸਿਸਟਮਾਂ ਦੇ ਸੁਰੱਖਿਆ ਪਹਿਲੂਆਂ ਨਾਲ ਸਮਝੌਤਾ ਨਾ ਹੋਵੇ। ਪੀ. ਐੱਸ. ਪੀ. ਨੂੰ ਇਕ ਮਹੀਨੇ ਦੇ ਅੰਦਰ ਭਾਰਤੀ ਰਿਜ਼ਰਵ ਬੈਂਕ ਨੂੰ ਆਪਣੀਆਂ ਉਨ੍ਹਾਂ ਪ੍ਰਣਾਲੀਆਂ/ਮਸ਼ੀਨਾਂ ਦਾ ਬਿਓਰਾ ਪੇਸ਼ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ’ਚ ਬਦਲਾਅ ਦੀ ਲੋੜ ਹੈ। ਨਾਲ ਹੀ ਇਸ ਟੀਚੇ ਨੂੰ ਹਾਸਲ ਕਰਨ ਲਈ ਸਮਾਂਬੱਧ ਕਾਰਜਯੋਜਨਾ ਵੀ ਪੇਸ਼ ਕਰਨ ਲਈ ਕਿਹਾ ਗਿਆ ਹੈ।